ਗੁਰਦਾਸਪੁਰ : ਲੋਕ ਸਭਾ ਚੋਣਾਂ ਆਪਣੇ ਆਖ਼ਰੀ ਪੜਾਅ ‘ਤੇ ਪਹੁੰਚ ਗਈਆਂ ਹਨ, ਤੇ ਬੀਤੀ ਕੱਲ੍ਹ ਚੋਣ ਪ੍ਰਚਾਰ ਵੀ ਬੰਦ ਹੋ ਗਿਆ ਹੈ। ਬਹੁਤ ਸਾਰੇ ਉਮੀਦਵਾਰਾਂ ਦੇ ਹੱਕ ਵਿੱਚ ਉਨ੍ਹਾਂ ਦੇ ਚਹੇਤਿਆਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਚੋਣ ਪ੍ਰਚਾਰ ਕੀਤਾ ਤੇ ਲੋਕਾਂ ਤੋਂ ਵੋਟਾਂ ਮੰਗੀਆਂ। ਇਸੇ ਸਿਲਸਿਲੇ ‘ਚ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਹੱਕ ਵਿੱਚ ਉਨ੍ਹਾਂ ਦੇ ਪਿਤਾ ਧਰਮਿੰਦਰ ਦਿਓਲ ਵੱਲੋਂ ਵੀ ਚੋਣ ਰੈਲੀ ਕੀਤੀ ਗਈ। ਉਨ੍ਹਾਂ ਸੰਨੀ ਦਿਓਲ ਲਈ ਵੋਟਾਂ ਦੀ ਮੰਗ ਕਰਦਿਆਂ ਇਹ ਐਲਾਨ ਕੀਤਾ ਕਿ ਉਹ ਜਿੱਤਣ ਤੋਂ ਬਾਅਦ ਆਪਣੇ ਸਾਰੇ ਕੰਮ ਕੇਂਦਰ ਤੋਂ ਕਰਵਾਉਣਗੇ ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਉਹ ਸਟੇਟ ਵਾਲੇ ਕੈਪਟਨ ਨਾਲ ਤਾਂ 2-2 ਪਟਿਆਲਾ ਪੈਗ ਲਾ ਕੇ ਹੀ ਕੰਮ ਕਰਵਾ ਲੈਣਗੇ।
ਦੱਸ ਦਈਏ ਕਿ ਸੰਨੀ ਦੇ ਹੱਕ ਵਿੱਚ ਸਰਨਾ ਇਲਾਕੇ ਵਿੱਚ ਕੀਤੀ ਗਈ ਰੈਲੀ ਦੌਰਾਨ ਜਿਆਦਾਤਰ ਕੁਰਸੀਆਂ ਖਾਲੀ ਨਜ਼ਰ ਆਈਆਂ, ਜਿਸ ਨੂੰ ਦੇਖ ਕੇ ਧਰਮਿੰਦਰ ਦਿਓਲ ਲੋਕਾਂ ਨੂੰ ਤਾਂ ਹੌਂਸਲਾ ਦਿੰਦੇ ਦਿਖੇ, ਪਰ ਆਪਣਾ ਦੁਖ ਲੋਕਾਂ ਨੂੰ ਪਿਆਰ ਅਤੇ ਆਸ਼ੀਰਵਾਦ ਦਿੰਦਿਆਂ ਸ਼ਬਦਾਂ ਰਾਹੀਂ ਦਬਾ ਗਏ। ਧਰਮਿੰਦਰ ਨੇ ਇੱਥੇ ਬੋਲਦਿਆਂ ਕਿਹਾ ਕਿ ਉਹ ਸੂਬਾ ਪੰਜਾਬ ਦੀ ਧਰਤੀ ਦੇ ਜਾਏ ਹਨ ਤੇ ਇਹ ਮਿੱਟੀ ਉਨ੍ਹਾਂ ਦੇ ਰੋਮ ਰੋਮ ਵਿੱਚ ਨਾਲ ਲਿਪਟੀ ਹੋਈ ਹੈ। ਆਪਣੇ ਭਾਸ਼ਣ ਦੌਰਾਨ ਧਰਮਿੰਦਰ ਨੇ ਸੰਨੀ ਦਿਓਲ ਨੂੰ ਸਧਾਰਨ ਅਤੇ ਸਿੱਧਾ ਸਾਧਾ ਇਨਸਾਨ ਕਰਾਰ ਦਿੱਤਾ। ਦੱਸ ਦਈਏ ਕਿ ਹੈ, ਕਿ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਇਹ ਕਿਹਾ ਸੀ, ਕਿ ਗੁਰਦਾਸਪੁਰ ‘ਚ ਸੰਨੇ ਦਿਓਲ ਦੇ ਹੱਕ ਵਿੱਚ ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਵੀ ਚੋਣ ਪ੍ਰਚਾਰ ਕਰਨ ਆਏਗੀ, ਜੋ ਕਿ ਨਹੀਂ ਹੋ ਸਕਿਆ। ਹਾਲਾਂਕਿ ਉਹ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿੱਚ ਅਕਾਲੀ ਭਾਜਪਾ ਦੀ ਚੋਣ ਪ੍ਰਚਾਰ ਕਰਨ ਜਰੂਰ ਪੁੱਜੀ।