ਜਲੰਧਰ : ਆਉਂਦੀਆਂ ਲੋਕ ਸਭਾ ਚੋਣਾਂ ‘ਚ ਜਿੱਥੇ ਹਰ ਸਿਆਸੀ ਪਾਰਟੀ ਨੂੰ ਆਪਣੀ ਜਿੱਤ ਹਾਰ ਦਾ ਵੱਡਾ ਸਵਾਲ ਸਤਾ ਰਿਹਾ ਹੈ ਉੱਥੇ ਦੂਜੇ ਪਾਸੇ ‘ਪੰਜਾਬੀ ਏਕਤਾ ਪਾਰਟੀ’ ਦੇ ਸੁਪਰੀਮੋਂ ਸੁਖਪਾਲ ਖਹਿਰਾ ਨੂੰ ਅਜੇ ਤੱਕ ਆਪਣੀ ਵਿਧਾਇਕੀ ਖੁਸਣ ਦਾ ਫਿਕਰ ਹੀ ਖਾਏ ਜਾ ਰਿਹਾ ਹੈ। ਪਰ ਫਿਰ ਵੀ ਸੁਖਪਾਲ ਖਹਿਰਾ ਲੋਕ ਸਭਾ ਚੋਣਾਂ ਲਈ ਬੜੇ ਹੀ ਉਤਸੁਕ ਲੱਗ ਰਹੇ ਹਨ। ਭਾਵੇਂ ‘ਆਮ ਆਦਮੀ ਪਾਰਟੀ’ ਵੱਲੋਂ ਖਹਿਰਾ ਨੂੰ ਉਸ ਦੀ ਵਿਧਾਇਕੀ ਜਾਣ ਦੀ ਚਣੌਤੀ ਦਿੱਤੀ ਜਾ ਰਹੀ ਹੈ ਪਰ ਫਿਰ ਵੀ ਖਹਿਰਾ ਵੱਲੋਂ ਚੋਣਾਂ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
‘ਆਮ ਆਦਮੀ ਪਾਰਟੀ’ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਨੇ ਖਹਿਰਾ ਦੀ ਵਿਧਾਇਕੀ ਰੱਦ ਕਰਨ ਲਈ ਸਪੀਕਰ ਨੂੰ ਅਪੀਲ ਦਰਜ਼ ਕੀਤੀ ਹੈ ਜਿਸ ਤੋਂ ਬਾਅਦ ਸੁਖਪਾਲ ਖਹਿਰਾ ਦੀ ਜ਼ਿਮਨੀ ਚੋਣ ਤੈਅ ਹੈ। ਪਰ ਇਸ ਗੱਲ ਤੇ ਖਹਿਰਾ ਨੇ ਕਿਹਾ ਕਿ ਉਹ ਜ਼ਿਮਨੀ ਚੋਣ ਲੜਨ ਲਈ ਬਿਲਕੁਲ ਤਿਆਰ ਹਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਖਹਿਰਾ ਨੇ ਦੱਸਿਆ ਕਿ ‘ਆਪ’ ਵਾਲੇ ਸਿਰਫ ਤੇ ਸਿਰਫ ਨਫਰਤ ਤੇ ਗੁੱਸੇ ਦੀ ਭਾਵਨਾਂ ਨਾਲ ਇਹ ਗਲਤ ਕਦਮ ਚੁੱਕਣ ਜਾ ਰਹੇ ਹਨ। ਉਨ੍ਹਾ ਨੇ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਉਸ ਦੀ ਵਿਧਾਇਕੀ ਰੱਦ ਕਰਦੇ ਹਨ ਤਾਂ ਇਸ ਦਾ ਨੁਕਸਾਨ ਵੀ ਆਮ ਆਦਮੀ ਪਾਰਟੀ ਨੂੰ ਹੋਵੇਗਾ ਕਿਉਂਕਿ ਅਜਿਹਾ ਕਰਨ ਤੇ ਵਿਰੋਧੀ ਧਿਰ ਦਾ ਅਹੁਦਾ ਉਨ੍ਹਾਂ ਦੇ ਹੱਥੋਂ ਚਲਾ ਜਾਵੇਗਾ। ਜੇਕਰ ਉਹ ਅਜਿਹਾ ਹੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮੁਬਾਰਕਵਾਦ। ਖਹਿਰਾ ਨੇ ਦੱਸਿਆ ਕਿ ਆਉਂਦੇ 1-2 ਦਿਨਾਂ ਦੇ ਵਿੱਚ ਵਿੱਚ ਉਹ ਸੁੱਚਾ ਸਿੰਘ ਛੋਟੇਪੁਰ ਨਾਲ ਮਿਲ ਕੇ ਲੋਕ ਸਭਾ ਚੋਣਾਂ ਲਈ ਆਪਣੀ ਸਾਰੀ ਰਣਨੀਤੀ ਤੈਅ ਕਰ ਲੈਣਗੇ।