ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਐਚ ਐਸ ਫੂਲਕਾ ਦਿੱਲੀ ਸਿੱਖ ਕਤਲੇਆਮ ਦੇ ਮਾਮਲਿਆਂ ਚ ਸੱਜਣ ਕੁਮਾਰ ਵਰਗੇ ਸੀਨੀਅਰ ਕਾਂਗਰਸੀਆਂ ਨੂੰ ਜੇਲ੍ਹ ਪਹੁੰਚਾਉਣ ਤੋਂ ਬਾਅਦ ਹੁਣ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਯੱਬ੍ਹ ਪਾਉਣ ਜਾ ਰਹੇ ਹਨ। ਜੀ ਹਾਂ! ਇਹ ਸੱਚ ਹੈ ਕਿਉਂਕਿ ਫੂਲਕਾ ਨੇ ਇਸ ਸਬੰਧੀ ਬਕਾਇਦਾ ਪੱਤਰਕਾਰ ਸੰਮੇਲਣ ਕਰਕੇ ਇਹ ਐਲਾਨ ਕੀਤਾ ਹੈ। ਇਸ ਪੱਤਰਕਾਰ ਸੰਮੇਲਣ ਵਿੱਚ ਕੁੱਲ 20 ਮਿੰਟ ਬੋਲੇ ਫੂਲਕਾ ਦੀ ਗੱਲਬਾਤ ਦਾ ਨਿਚੋੜ ਇਹ ਨਿੱਕਲਿਆ ਕਿ ਉਹ ਪੰਜਾਬ ਵਿੱਚ ਉਹੋ ਜਿਹੀ ਇੱਕ ਲਹਿਰ ਚਲਾ ਕੇ ਨਾ ਸਿਰਫ ਸੂਬੇ ਚ ਆਈ ਰਾਜਨੀਤਕ ਤੇ ਸਮਾਜਿਕ ਗਿਰਾਵਟ ਨੂੰ ਦੂਰ ਕਰਨਾ ਚਾਹੁੰਦੇ ਹਨ ਬਲਕਿ ਪੰਥਕ ਰਾਜਨੀਤੀ ਤੋਂ ਪ੍ਰਭਾਵਿਤ ਇਸ ਸੂਬੇ ਅੰਦਰ ਪੰਥਕ ਸੁਧਾਰਾਂ ਤੇ ਕੰਮ ਕਰਕੇ ਸਿੱਖ ਪੰਥ ਅੰਦਰ ਆਏ ਨਿਘਾਰ ਨੂੰ ਵੀ ਦਰੁਸ਼ਤ ਕਰਨਾ ਲੋਚਦੇ ਹਨ।
ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਇਸ ਲਈ ਦਿੱਤਾ ਹੈ ਕਿਉਂਕਿ ਉਹ ਸੂਬੇ ਅੱਨਾ ਹਜ਼ਾਰੇ ਵਰਗਾ ਅੰਦੋਲਨ ਮੁੜ ਖੜ੍ਹਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਚ ਜਾ ਕੇ ਨਸ਼ੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਸੰਗਠਣ ਬਨਾਉਣਗੇ ਤਾਂ ਜੋ ਨਸ਼ਿਆਂ ਤੋਂ ਪੰਜਾਬੀਆਂ ਨੂੰ ਬਚਾਇਆ ਜਾ ਸਕੇ ਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਪਾਰਟੀਆਂ ਤੋਂ ਕਬਜ਼ਾ ਮੁਕਤ ਕੀਤਾ ਜਾ ਸਕੇ। ਇੱਥੇ ਉਨ੍ਹਾਂ ਇਹ ਵੀ ਸਾਫ ਕੀਤਾ ਕਿ ਉਹ ਖੁਦ ਆਪ ਸ਼੍ਰੋਮਣੀ ਕਮੇਟੀ ਚੋਣਾ ਨਹੀਂ ਲੜਣਗੇ।
ਐਚ ਐਸ ਫੂਲਕਾ ਅਨੁਸਾਰ ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਨੇ ਇਹ ਪੇਸ਼ਕਸ ਕੀਤੀ ਹੈ ਕਿ ਉਹ ਉਨ੍ਹਾਂ ਵੱਲੋਂ ਪੰਜਾਬ ਵਿੱਚ ਜਿੱਥੋਂ ਮਰਜ਼ੀ ਚੋਣ ਲੜ ਲੈਣ, ਪਰ ਉਹ ਲੋਕ ਸਭਾ ਚੋਣਾਂ ਵੀ ਨਹੀਂ ਲੜਨਗੇ। ਉਨ੍ਹਾਂ ਕਿਹਾ, ਹਾਂ ਇੰਨਾ ਜਰੂਰ ਹੈ ਕਿ ਉਹ ਜਿਹੜਾ ਸੰਗਠਣ ਖੜ੍ਹਾ ਕਰਨ ਜਾ ਰਹੇ ਹਨ ਉਸ ਵਿੱਚ ਸਾਰੇ ਸਮਾਜ ਸੇਵੀਆਂ ਨੂੰ ਸਾਮਿਲ ਕਰਕੇ ਤੇ ਇਹ ਸੰਗਠਣ ਅਗਲੇ 6 ਮਹੀਨਿਆਂ ਚ ਖੜ੍ਹਾ ਕਰ ਦਿੱਤਾ ਜਾਵੇਗਾ। ਫੂਲਕਾ ਅਨੁਸਾਰ ਉਨ੍ਹਾਂ ਨੇ ਪਿਛਲੇ ਇੱਕ ਸਾਲ ਤੋਂ ਸਰਗਰਮ ਸਿਆਸਤ ਤੋਂ ਕਿਨਾਰਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਲ 2012 ਵਿੱਚ ਅੰਨਾ ਹਜ਼ਾਰੇ ਲਹਿਰ ਨੂੰ ਸਿਆਸਤ ਵਿੱਚ ਤਬਦੀਲ ਕਰਨ ਦਾ ਕੀਤਾ ਗਿਆ ਫੈਸਲਾ ਗਲਤ ਸੀ। ਉਸ ਲਹਿਰ ਨੂੰ ਉਸੇ ਤਰ੍ਹਾਂ ਚਲਦੇ ਰੱਖਣ ਦੀ ਲੋੜ ਸੀ। ਐਚ ਐਸ ਫੂਲਕਾ ਅਨੁਸਾਰ ਅੱਜ ਫਿਰ ਇੱਕ ਅਜਿਹਾ ਸੰਗਠਨ ਖੜ੍ਹਾ ਕਰਨ ਦੀ ਲੋੜ ਹੈ ਜੋ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖੇ। ਇਸੇ ਲਈ ਉਨ੍ਹਾਂ ਨੇ ਸਿਆਸਤ ਤੋਂ ਅਸਤੀਫਾ ਦਿੱਤਾ ਹੈ। ਇਸ ਮੋਕੇ ਫੂਲਕਾ ਨੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਸਮਾਜ ਸੇਵਾ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਪੰਜਾਬ ਬੇਹੱਦ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਇਸੇ ਲਈ ਉਹ ਸਿਆਸਤ ਵਿੱਚ ਆਏ ਸਨ, ਪਰ ਇਸੇ ਲਈ ਉਹ ਸਿਆਸਤ ਵਿੱਚ ਆਏ ਸਨ ਪਰ ਪਿਛਲੇ 5ਸਾਲ ਦੇ ਤਜ਼ਰਬੇ ਤੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ ਹੈ।