ਨਿਊਜ਼ ਡੈਸਕ: ਉੱਤਰ-ਪੂਰਬੀ ਪੋਲੈਂਡ ਦੇ ਸ਼ਹਿਰ ਓਸਟ੍ਰੋਲੇਕਾ (Ostrołęka) ਦੇ ਇੱਕ ਸਕੂਲ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਰਿਪੋਰਟ ਅਨੁਸਾਰ, 19 ਸਾਲਾ ਵਿਦਿਆਰਥੀ ਨੇ ਕਥਿਤ ਤੌਰ ‘ਤੇ ਚਾਕੂ ਨਾਲ ਸੱਤ ਲੋਕਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਪੀੜਤਾਂ ਵਿੱਚੋਂ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਘਟਨਾ ਤੋਂ ਬਾਅਦ, ਪੁਲਿਸ ਨੇ ਦੋਸ਼ੀ ਵਿਦਿਆਰਥੀ ਨੂੰ ਸ਼ਹਿਰ ਦੇ ਕੇਂਦਰ ਨੇੜਿਓਂ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਬੁਲਾਰੇ ਕਾਤਾਰਜ਼ੀਨਾ ਕੁਚਾਰਸਕਾ ਨੇ ਟੈਲੀਫੋਨ ਰਾਹੀਂ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ ਮੁੱਢਲੀ ਹੈ ਅਤੇ ਇਸ ਵਿੱਚ ਤਬਦੀਲੀ ਹੋ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਕਿਸੇ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਪੁਲਿਸ ਨੇ ਆਪਣੇ ‘ਐਕਸ’ (X) ਹੈਂਡਲ ‘ਤੇ ਵੀ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਪੁਲਿਸ ਨੇ ਪੋਸਟ ਵਿੱਚ ਦੱਸਿਆ ਕਿ ਅਧਿਕਾਰੀਆਂ ਨੇ ਓਸਟ੍ਰੋਲੇਕਾ (Ostrołęka) ਵਿੱਚ ਮਿਉਂਸਪਲ ਬੀਚ ਨੇੜੇ ਇੱਕ 19 ਸਾਲਾ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਉਸ ‘ਤੇ ਸ਼ਹਿਰ ਦੇ ਇੱਕ ਸਕੂਲ ਦੇ ਅੰਦਰ ਅਤੇ ਨੇੜੇ ਤੇਜ਼ਧਾਰ ਹਥਿਆਰ ਨਾਲ ਲੋਕਾਂ ‘ਤੇ ਹਮਲਾ ਕਰਨ ਦਾ ਸ਼ੱਕ ਹੈ। ਮੁੱਢਲੀ ਜਾਣਕਾਰੀ ਅਨੁਸਾਰ ਸੱਤ ਲੋਕ ਜ਼ਖ਼ਮੀ ਹੋਏ ਹਨ। ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ। ਇੱਕ ਵਿਅਕਤੀ ਨੂੰ ਜੰਗਲੀ ਇਲਾਕੇ ਵਿੱਚ ਜ਼ਮੀਨ ‘ਤੇ ਮੂੰਹ-ਭਾਰ ਪਿਆ ਦੇਖਿਆ ਗਿਆ।
ਸਰਕਾਰੀ ਵਕੀਲ ਏਲਜ਼ਬੀਏਟਾ ਲੁਕਾਸਿਵਿਚ ਨੇ ਨਿੱਜੀ ਪ੍ਰਸਾਰਕ ‘ਟੀਵੀਐਨ24’ (TVN24) ਨੂੰ ਹਮਲੇ ਬਾਰੇ ਵੇਰਵੇ ਦਿੱਤੇ। ਉਨ੍ਹਾਂ ਅਨੁਸਾਰ, ਇਹ ਹਮਲਾ ਸਵੇਰੇ 9 ਵਜੇ ਦੇ ਕਰੀਬ ਹੋਇਆ। ਘਟਨਾ ਬਾਰੇ ਜਾਣਕਾਰੀ ਦਿੰਦਿਆਂ, ਹਸਪਤਾਲ ਦੇ ਹਾਦਸਾ ਅਤੇ ਐਮਰਜੈਂਸੀ ਵਿਭਾਗ ਦੇ ਇੱਕ ਨੁਮਾਇੰਦੇ ਨੇ ‘ਟੀਵੀਐਨ24’ ਨੂੰ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਓਸਤਰੋਲੇਕਾ (Ostrołęka) ਸਥਿਤ ਮਾਜ਼ੋਵੀਅਨ ਸਪੈਸ਼ਲਿਸਟ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਤੇ ਹੋਰ ਤਬਦੀਲ ਨਹੀਂ ਕੀਤਾ ਜਾਵੇਗਾ।
ਓਸਟ੍ਰੋਲੇਕਾ ਦੇ ਮੇਅਰ ਪਾਵੇਲ ਨਿਵਿਆਦੋਮਸਕੀ ਨੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਕਈ ਲੋਕ ਜ਼ਖ਼ਮੀ ਹੋਏ ਹਨ। ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਗਿਆ ਹੈ। ਨਿੱਜੀ ਪ੍ਰਸਾਰਕ ‘ਆਰ.ਐੱਮ.ਐੱਫ. ਐੱਫ.ਐੱਮ.’ (RMF FM) ਅਨੁਸਾਰ, ਪੀੜਤਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਸਨ, ਜਦਕਿ ਇੱਕ ਅਧਿਆਪਕ ਵੀ ਜ਼ਖ਼ਮੀ ਹੋਇਆ ਹੈ।

