TRAI ਨੇ ਟੈਲੀਕਾਮ ਕੰਪਨੀਆਂ ਦੀ ਮਨਮਰਜ਼ੀ ‘ਤੇ ਲਾਈ ਰੋਕ, ਮੋਬਾਈਲ ਯੂਜ਼ਰਸ ਨੂੰ ਹੋਵੇਗਾ ਇਹ ਫਾਇਦਾ

Global Team
3 Min Read

ਮੋਬਾਈਲ ਰੀਚਾਰਜ ਕਰਵਾਉਣ ਵਾਲੇ ਉਪਭੋਗਤਾਵਾਂ ਲਈ ਅਹਿਮ ਖ਼ਬਰ ਹੈ। ਕੇਂਦਰ ਸਰਕਾਰ ਵੱਲੋਂ ਟੈਲੀਕਾਮ ਖਪਤਕਾਰਾਂ ਨਾਲ ਸਬੰਧਤ ਨਵੇਂ ਨਿਯਮ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਤਹਿਤ ਪ੍ਰੀਪੇਡ ਮੋਬਾਈਲ ਉਪਭੋਗਤਾਵਾਂ ਲਈ 30 ਦਿਨਾਂ ਦੀ ਵੈਧਤਾ ਵਾਲੇ ਰੀਚਾਰਜ ਪਲਾਨ ਉਪਲਬਧ ਕਰਵਾਏ ਜਾਣਗੇ। ਇਸ ਦੇ ਨਾਲ ਹੀ ਜਿਨ੍ਹਾਂ ਗਾਹਕਾਂ ਨੂੰ ਮੋਬਾਈਲ ਡੇਟਾ ਦੀ ਲੋੜ ਨਹੀਂ ਹੈ, ਉਨ੍ਹਾਂ ਲਈ ਸਿਰਫ਼ ਵੌਇਸ ਕਾਲ ਅਤੇ SMS ਵਾਲੇ ਪਲਾਨ ਦਾ ਵਿਕਲਪ ਵੀ ਹੋਵੇਗਾ।

ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਇਸ ਬਦਲਾਅ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ 30 ਦਿਨਾਂ ਦੀ ਵੈਧਤਾ ਵਾਲੇ ਪਲਾਨ ਮਿਲਣ ਨਾਲ ਉਪਭੋਗਤਾਵਾਂ ਨੂੰ ਸਾਲ ਵਿੱਚ 13 ਵਾਰ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਰਹੇਗੀ। ਅਜਿਹੇ ਪਲਾਨ ਦੇ ਨਾਲ ਸਾਲ ਵਿੱਚ ਕੁੱਲ 12 ਰੀਚਾਰਜ ਕਰਵਾਉਣਾ ਕਾਫ਼ੀ ਹੋਵੇਗਾ।

ਨਵੇਂ ਨਿਯਮ ਖਾਸ ਤੌਰ ’ਤੇ ਉਨ੍ਹਾਂ ਗਾਹਕਾਂ ਲਈ ਮਹੱਤਵਪੂਰਨ ਹਨ ਜੋ ਮੋਬਾਈਲ ’ਤੇ ਇੰਟਰਨੈੱਟ ਡੇਟਾ ਦੀ ਜ਼ਿਆਦਾ ਵਰਤੋਂ ਨਹੀਂ ਕਰਦੇ। ਟੈਲੀਕਾਮ ਕੰਪਨੀਆਂ ਨੂੰ ਅਜਿਹੇ ਗਾਹਕਾਂ ਲਈ ਵੌਇਸ ਅਤੇ SMS-ਸਿਰਫ਼ ਪਲਾਨ ਉਪਲਬਧ ਕਰਵਾਉਣੇ ਹੋਣਗੇ। ਇਸ ਨਾਲ ਕਾਲਿੰਗ ਅਤੇ ਮੈਸੇਜਿੰਗ ਲਈ ਫੋਨ ਦੀ ਵਰਤੋਂ ਕਰਨ ਵਾਲੇ ਲੋਕ ਆਪਣੀ ਜ਼ਰੂਰਤ ਅਤੇ ਬਜਟ ਦੇ ਮੁਤਾਬਕ ਰੀਚਾਰਜ ਚੁਣ ਸਕਣਗੇ।

ਰਾਘਵ ਚੱਢਾ ਨੇ ਕਿਹਾ ਕਿ ਕਈ ਲੋਕਾਂ ਨੇ ਰੀਚਾਰਜ ਪਲਾਨਾਂ ਨੂੰ ਲੈ ਕੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ 11 ਮਾਰਚ ਨੂੰ ਸੰਸਦ ਵਿੱਚ ਵੀ ਇਹ ਮੁੱਦਾ ਚੁੱਕਦਿਆਂ ਗਾਹਕਾਂ ਲਈ ਵਧੇਰੇ ਵਿਕਲਪ ਅਤੇ ਕਿਫਾਇਤੀ ਪਲਾਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕਾਰਵਾਈ ਲਈ ਕੇਂਦਰ ਸਰਕਾਰ ਅਤੇ TRAI ਦਾ ਧੰਨਵਾਦ ਵੀ ਕੀਤਾ।

TRAI ਨੇ ਵੀ ਕੀਤੀ ਪਲਾਨਾਂ ’ਚ ਤਬਦੀਲੀ

ਇਹ ਬਦਲਾਅ TRAI ਵੱਲੋਂ ਵੌਇਸ ਅਤੇ SMS-ਸਿਰਫ਼ ਸ਼ਾਰਟ ਵੈਲਿਡਿਟੀ ਟੈਰਿਫ (STV) ਪਲਾਨਾਂ ਨਾਲ ਸਬੰਧਤ ਨਵੇਂ ਨਿਯਮ ਜਾਰੀ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ। TRAI ਦਾ ਕਹਿਣਾ ਹੈ ਕਿ ਹਰ ਮੋਬਾਈਲ ਗਾਹਕ ਲਈ ਡੇਟਾ ਵਾਲੇ ਬੰਡਲ ਪਲਾਨ ਦੀ ਲੋੜ ਨਹੀਂ ਹੁੰਦੀ। ਇਸ ਲਈ ਗਾਹਕਾਂ ਨੂੰ ਆਪਣੀ ਵਰਤੋਂ ਅਤੇ ਵਿੱਤੀ ਸਮਰੱਥਾ ਮੁਤਾਬਕ ਰੀਚਾਰਜ ਚੁਣਨ ਲਈ ਵਧੇਰੇ ਵਿਕਲਪ ਮਿਲਣੇ ਜ਼ਰੂਰੀ ਹਨ।

TRAI ਮੁਤਾਬਕ Telecom Consumer Protection (Twelfth Amendment), 2024 ਲਾਗੂ ਹੋਣ ਤੋਂ ਬਾਅਦ ਵੌਇਸ ਅਤੇ SMS-ਸਿਰਫ਼ STV ਪਲਾਨਾਂ ਦੀ ਉਪਲਬਧਤਾ ਸੀਮਤ ਹੋ ਗਈ ਸੀ। ਬਾਜ਼ਾਰ ਵਿੱਚ ਮੌਜੂਦ ਕਈ ਪਲਾਨ ਲੰਬੀ ਵੈਧਤਾ ਵਾਲੇ ਸਨ। ਇਸ ਕਾਰਨ ਘੱਟ ਬਜਟ ਵਿੱਚ ਥੋੜ੍ਹੇ ਸਮੇਂ ਲਈ ਰੀਚਾਰਜ ਕਰਵਾਉਣ ਦੇ ਇੱਛੁਕ ਗਾਹਕਾਂ ਕੋਲ ਸੀਮਤ ਵਿਕਲਪ ਸਨ।

ਨਵੀਂ ਸੋਧ ਦਾ ਮਕਸਦ ਅਜਿਹੇ ਗਾਹਕਾਂ ਲਈ ਰੀਚਾਰਜ ਦੇ ਵਿਕਲਪ ਵਧਾਉਣਾ ਹੈ। ਖਾਸ ਕਰਕੇ ਘੱਟ ਆਮਦਨ ਵਾਲੇ ਅਤੇ ਸਿਰਫ਼ ਕਾਲਿੰਗ ਤੇ SMS ਦੀ ਵਰਤੋਂ ਕਰਨ ਵਾਲੇ ਗਾਹਕ ਹੁਣ ਆਪਣੀ ਲੋੜ ਮੁਤਾਬਕ ਛੋਟੀ ਮਿਆਦ ਵਾਲਾ ਅਤੇ ਵਧੇਰੇ ਕਿਫਾਇਤੀ ਪਲਾਨ ਚੁਣ ਸਕਣਗੇ।

Share This Article
Leave a Comment