ਪਟਾਕਿਆਂ ‘ਤੇ ਨਹੀਂ ਲਗਾਈ ਜਾ ਸਕਦੀ ਪੂਰਨ ਤੌਰ ‘ਤੇ ਪਾਬੰਦੀ,ਨਿਗਰਾਨੀ ਤੰਤਰ ਹੋਣਾ ਚਾਹੀਦਾ ਮਜ਼ਬੂਤ: ਸੁਪਰੀਮ ਕੋਰਟ

TeamGlobalPunjab
3 Min Read

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ  ਕਿਹਾ ਕਿ ਪਟਾਕਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਗਾਈ ਜਾ ਸਕਦੀ। ਗ੍ਰੀਨ ਪਟਾਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਦਾਇਰ ਪਟੀਸ਼ਨਾਂ ਦੀ ਸੁਣਵਾਈ ਕਰ ਰਿਹਾ ਸੀ। ਸੁਪਰੀਮ ਕੋਰਟ ਦੇ ਉਸ ਵਿਸ਼ੇਸ਼ ਬੈਂਚ ਵਿੱਚ ਜਸਟਿਸ ਏ.ਐੱਮ. ਖਾਨਵਿਲਕਰ ਅਤੇ ਜਸਟਿਸ ਅਜੈ ਰਸਤੋਗੀ ਸ਼ਾਮਲ ਸਨ। ਇਹ ਪਟੀਸ਼ਨਾਂ ਪਟਾਕੇ ਬਣਾਉਣ ਵਾਲਿਆਂ ਦੇ ਵੱਲੋਂ ਦਾਇਰ ਕੀਤੀਆਂ ਗਈਆਂ ਸਨ। ਪਟਾਕਿਆਂ ਨਾਲ ਸਬੰਧਤ ਇਕ ਹੋਰ ਮਾਮਲੇ ਵਿਚ ਸ਼ੁੱਕਰਵਾਰ ਨੂੰ ਸਰਬਉੱਚ ਅਦਾਲਤ ਦੇ ਹੁਕਮ ਦਾ ਹਵਾਲਾ ਦਿੰਦੇ ਹੋਏ ਜੱਜਾਂ ਨੇ ਕਿਹਾ, “ਪਟਾਕਿਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਗਾਈ ਜਾ ਸਕਦੀ।” ਦੁਰਵਰਤੋਂ ਨੂੰ ਰੋਕਣ ਲਈ ਤੰਤਰ ਨੂੰ ਮਜ਼ਬੂਤ ​​ਕੀਤਾ ਜਾਣਾ ਚਾਹੀਦਾ ਹੈ।

ਜਸਟਿਸ ਏਐੱਮ ਖਾਨਵਿਲਕਰ ਤੇ ਜਸਟਿਸ ਅਜੈ ਰਸਤੋਗੀ ਦੇ ਵਿਸ਼ੇਸ਼ ਬੈਂਚ ਨੇ ਬੰਗਾਲ ਸਰਕਾਰ ਨੂੰ ਕਿਹਾ ਕਿ ਉਹ ਯਕੀਨੀ ਬਣਾਏ ਕਿ ਪਾਬੰਦੀਸ਼ੁਦਾ ਪਟਾਕੇ ਤੇ ਹੋਰ ਸਮੱਗਰੀ ਦੂਜੇ ਰਾਜਾਂ ਤੋਂ ਉਨ੍ਹਾਂ ਦੇ ਰਾਜ ਵਿਚ ਆ ਹੀ ਨਾ ਸਕੇ। ਬੈਂਚ ਕਲਕੱਤਾ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਿਹਾ ਸੀ। ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਵਿਚ ਪਟਾਕਿਆਂ ਦੇ ਰੈਗੂਲੇਸ਼ਨ ਅਤੇ ਉਨ੍ਹਾਂ ਵਿਚ ਹਾਨੀਕਾਰਕ ਰਸਾਇਣਾਂ ਦੇ ਇਸਤੇਮਾਲ ’ਤੇ ਪਾਬੰਦੀ ਹੈ, ਇਸ ਦੀ ਨਿਗਰਾਨੀ ਤੇ ਹੁਕਮ ਦੇ ਪਾਲਣ ਦਾ ਤੰਤਰ ਮਜ਼ਬੂਤ ਹੋਣਾ ਚਾਹੀਦਾ। ਪੂਰੀ ਰੋਕ ਨਹੀਂ ਲਗਾਈ ਜਾ ਸਕਦੀ।

ਪੱਛਮੀ ਬੰਗਾਲ ਸਰਕਾਰ ਨੇ ਕਾਲੀ ਪੂਜਾ, ਦੀਵਾਲੀ ਅਤੇ ਛਠ ਦੇ ਦੌਰਾਨ ਸਿਰਫ ਰਾਤ 8 ਤੋਂ 10 ਵਜੇ ਤੱਕ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ, ਪਰ ਕੁਝ ਦਿਨਾਂ ਬਾਅਦ ਕਲਕੱਤਾ ਹਾਈ ਕੋਰਟ ਨੇ ਬੀਤੇ ਸ਼ੁੱਕਰਵਾਰ ਨੂੰ ਹੀ 31 ਦਸੰਬਰ ਤੱਕ ਗ੍ਰੀਨ ਪਟਾਕੇ ਚਲਾਉਣ ਅਤੇ ਸਾਰੇ ਪਟਾਕਿਆਂ ‘ਤੇ ਪੂਰਨ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਸੀ। ਹਾਲਾਂਕਿ, ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪਾਬੰਦੀ ਮੋਮ ਅਤੇ ਤੇਲ ਵਾਲੇ ਦੀਵਿਆਂ ‘ਤੇ ਲਾਗੂ ਨਹੀਂ ਹੋਵੇਗੀ।ਇਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਸੀ ਕਿ ਰਾਜ ਇਹ ਯਕੀਨੀ ਬਣਾਏ ਕਿ ਕਾਲੀ ਪੂਜਾ, ਦੀਵਾਲੀ ਦੇ ਜਸ਼ਨਾਂ ਦੇ ਨਾਲ-ਨਾਲ ਛਠ ਪੂਜਾ, ਜਗਧਾਤਰੀ ਪੂਜਾ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਪਟਾਕਿਆਂ ਦੀ ਵਰਤੋਂ ਨਾ ਕੀਤੀ ਜਾਵੇ।

29 ਅਕਤੂਬਰ ਨੂੰ ਸਰਬਉੱਚ ਅਦਾਲਤ ਨੇ ਆਦੇਸ਼ ਦੇ ਉਲੰਘਣ ਨੂੰ ਗੰਭੀਰਤਾ ਨਾਲ ਲਏ ਜਾਣ ਅਤੇ ਅਧਿਕਾਰੀਆਂ ਨੂੰ ਨਿੱਜੀ ਤੌਰ ’ਤੇ ਜ਼ਿੰਮੇਦਾਰ ਮੰਨੇ ਜਾਣ ਦਾ ਆਦੇਸ਼ ਦਿੰਦੇ ਹੋਏ ਇਹ ਵੀ ਸਪੱਸ਼ਟ ਕੀਤਾ ਸੀ ਕਿ ਪਟਾਕਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਹੈ, ਸਿਰਫ਼ ਸਿਹਤ ਲਈ ਹਾਨੀਕਾਰਕ ਪਟਾਕਿਆਂ ’ਤੇ ਹੀ ਪਾਬੰਦੀ ਹੈ।

- Advertisement -

Share this Article
Leave a comment