ਨਿਊਜ਼ ਡੈਸਕ: ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਦੇ ਸੰਬੋਧਨ ਤੋਂ ਬਾਅਦ ਭਾਰਤ ਨੇ Right of Reply ਤਹਿਤ ਤਿੱਖਾ ਜਵਾਬ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੀ ਫ਼ਰਸਟ ਸੈਕ੍ਰੇਟਰੀ ਪੇਟਲ ਗਹਿਲੋਤ ਨੇ ਪਾਕਿਸਤਾਨ ’ਤੇ ਸਰਹੱਦ ਪਾਰ ਅੱਤਵਾਦ, ਦੋਹਰੇ ਮਾਪਦੰਡਾਂ ਅਤੇ ਘੱਟ ਗਿਣਤੀਆਂ ਨਾਲ ਸਲੂਕ ਨੂੰ ਲੈ ਕੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇੱਕੋ ਝੂਠ ਨੂੰ ਵਾਰ-ਵਾਰ ਦੁਹਰਾਉਣ ਨਾਲ ਉਹ ਸੱਚ ਨਹੀਂ ਬਣ ਜਾਂਦਾ।
ਓਸਾਮਾ ਬਿਨ ਲਾਦੇਨ ਦਾ ਵੀ ਕੀਤਾ ਜ਼ਿਕਰ
ਪੇਟਲ ਗਹਿਲੋਤ ਨੇ ਪਾਕਿਸਤਾਨ ਦੇ ਅੱਤਵਾਦੀ ਰਿਕਾਰਡ ਦਾ ਜ਼ਿਕਰ ਕਰਦਿਆਂ 9/11 ਹਮਲਿਆਂ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਲਾਦੇਨ ਪਾਕਿਸਤਾਨ ਦੇ ਐਬਟਾਬਾਦ ਵਿੱਚ ਪਾਕਿਸਤਾਨੀ ਫੌਜ ਦੀ ਪ੍ਰਮੁੱਖ ਅਕੈਡਮੀ ਦੇ ਨੇੜੇ ਰਹਿੰਦਾ ਸੀ। ਉਨ੍ਹਾਂ ਇਹ ਗੱਲ 9/11 ਹਮਲਿਆਂ ਦੀ 25ਵੀਂ ਬਰਸੀ ਦੇ ਸੰਦਰਭ ਵਿੱਚ ਕਹੀ।
ਗਹਿਲੋਤ ਨੇ ਪਾਕਿਸਤਾਨ ਦੀ ਸਰਕਾਰ ਨੂੰ ਲੈ ਕੇ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਨ ਵਾਲੇ ਪਾਕਿਸਤਾਨ ਵਿੱਚ ਅਸਲ ਫ਼ੈਸਲੇ ਕੌਣ ਲੈਂਦਾ ਹੈ, ਇਸ ਬਾਰੇ ਦੁਨੀਆ ਨੂੰ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਪਾਕਿਸਤਾਨ ਦੇ 27ਵੇਂ ਸੰਵਿਧਾਨਕ ਸੋਧ ਦਾ ਵੀ ਹਵਾਲਾ ਦਿੱਤਾ।
ਧਾਰਮਿਕ ਸਹਿਣਸ਼ੀਲਤਾ ਤੇ ਘੱਟ ਗਿਣਤੀਆਂ ਦਾ ਮੁੱਦਾ
ਭਾਰਤੀ ਡਿਪਲੋਮੈਟ ਨੇ ਪਾਕਿਸਤਾਨ ਵੱਲੋਂ ਧਾਰਮਿਕ ਸਹਿਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਬਾਰੇ ਕੀਤੀਆਂ ਟਿੱਪਣੀਆਂ ਦਾ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਆਪਣਾ ਰਿਕਾਰਡ ਇਨ੍ਹਾਂ ਦਾਅਵਿਆਂ ਨਾਲ ਮੇਲ ਨਹੀਂ ਖਾਂਦਾ ਅਤੇ ਦੇਸ਼ ਵਿੱਚ ਘੱਟ ਗਿਣਤੀਆਂ ਦੀ ਸਥਿਤੀ ਨੂੰ ਲੈ ਕੇ ਸਵਾਲ ਮੌਜੂਦ ਹਨ। ਗਹਿਲੋਤ ਨੇ ਕਿਹਾ ਕਿ ਸਿਰਫ਼ ਮਿੱਠੀਆਂ ਜਾਂ ਖੋਖਲੀਆਂ ਗੱਲਾਂ ਨਾਲ ਦੁਨੀਆ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ।
ਜੰਮੂ-ਕਸ਼ਮੀਰ ਦੇ ਮੁੱਦੇ ’ਤੇ ਭਾਰਤ ਨੇ ਆਪਣੀ ਸਥਿਤੀ ਮੁੜ ਸਪੱਸ਼ਟ ਕੀਤੀ। ਗਹਿਲੋਤ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਭਿੰਨ ਅਤੇ ਅਵਿਭਾਜਿਤ ਹਿੱਸਾ ਹੈ। ਉਨ੍ਹਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦਾ ਮੁੱਦਾ ਵੀ ਚੁੱਕਿਆ ਅਤੇ ਉੱਥੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਸਲਿਆਂ ਵੱਲ ਧਿਆਨ ਦੇਣ ਦੀ ਗੱਲ ਕੀਤੀ।
‘ਅੱਤਵਾਦ ਦੇ ਨਤੀਜੇ ਭੁਗਤਣੇ ਪੈਣਗੇ’
ਗਹਿਲੋਤ ਨੇ ਕਿਹਾ ਕਿ ਮਾਮਲੇ ਦੀ ਜੜ੍ਹ ਵਿੱਚ ਪਾਕਿਸਤਾਨ ਵੱਲੋਂ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸਰਹੱਦ ਪਾਰ ਅੱਤਵਾਦ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅੱਤਵਾਦ ਖ਼ਿਲਾਫ਼ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ ਅਤੇ ਪਾਕਿਸਤਾਨ ਵੱਲੋਂ ਜਾਰੀ ਅੱਤਵਾਦ ਦੇ ਨਤੀਜੇ ਹੋਣਗੇ।
ਆਪਣੇ ਸੰਬੋਧਨ ਦੇ ਅੰਤ ਵਿੱਚ ਗਹਿਲੋਤ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਸੰਯੁਕਤ ਰਾਸ਼ਟਰ ਦੀ ਮਹਾਸਭਾ ਪਾਕਿਸਤਾਨ ਅਤੇ ਉਸ ਦੀਆਂ ਨੀਤੀਆਂ ਨੂੰ ਉਨ੍ਹਾਂ ਦੇ ਅਸਲ ਰੂਪ ਵਿੱਚ ਸਮਝੇਗੀ। ਉਨ੍ਹਾਂ ਮੁੜ ਕਿਹਾ ਕਿ ਝੂਠ ਨੂੰ ਹਰ ਸਾਲ ਦੁਹਰਾਉਣ ਨਾਲ ਉਹ ਸੱਚ ਨਹੀਂ ਬਣ ਜਾਂਦਾ ਅਤੇ ਪਾਕਿਸਤਾਨ ਦਾ ਅੱਤਵਾਦ, ਧੋਖਾ ਅਤੇ ਦੋਹਰਾ ਰਵੱਈਆ ਨਾ ਉਸ ਨੂੰ ਅਤੇ ਨਾ ਹੀ ਦੁਨੀਆ ਨੂੰ ਕੋਈ ਲਾਭ ਦੇਵੇਗਾ।

