ਨਿਊਜ਼ ਡੈਸਕ: ਬਰਤਾਨੀਆ ਦੇ ਟੈਲਫੋਰਡ ਸ਼ਹਿਰ ਵਿੱਚ ਇੱਕ ਸਿੱਖ ਬੱਸ ਡਰਾਈਵਰ ’ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਹਮਲਾਵਰ ਨੇ ਡਰਾਈਵਰ ਨਾਲ ਕੁੱਟਮਾਰ ਕੀਤੀ, ਉਨ੍ਹਾਂ ਦੀ ਦਾਹੜੀ ਖਿੱਚੀ ਅਤੇ ਉਨ੍ਹਾਂ ਨੂੰ ਬੱਸ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਸ਼ੱਕੀ ਵਿਅਕਤੀ ਨੇ ਬੱਸ ਆਪਣੇ ਕਬਜ਼ੇ ਵਿੱਚ ਲੈ ਲਈ ਅਤੇ ਕਈ ਵਾਹਨਾਂ ਨੂੰ ਟੱਕਰ ਮਾਰਦੇ ਹੋਏ ਉਲਟ ਦਿਸ਼ਾ ਵੱਕ ਜਾਣ ਲੱਗਿਆ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ।
ਡਰਾਈਵਰ ਨਾਲ ਕੁੱਟਮਾਰ ਤੋਂ ਬਾਅਦ ਬੱਸ ’ਤੇ ਕੀਤਾ ਕਬਜ਼ਾ
ਪੁਲਿਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਟੈਲਫੋਰਡ ਦੇ ਮੇਡਲੀ ਇਲਾਕੇ ਦੀ ਕੋਰਟ ਸਟ੍ਰੀਟ ਨੇੜੇ ਵਾਪਰੀ। ਪੁਲਿਸ ਨੂੰ ਬੱਸ ਡਰਾਈਵਰ ’ਤੇ ਹਮਲੇ ਦੀ ਸੂਚਨਾ ਮਿਲੀ ਸੀ।
ਪੁਲਿਸ ਦੇ ਅਨੁਸਾਰ ਹਮਲੇ ਦੌਰਾਨ ਡਰਾਈਵਰ ਨੂੰ ਬੱਸ ਤੋਂ ਬਾਹਰ ਧੱਕ ਦਿੱਤਾ ਗਿਆ। ਇਸ ਤੋਂ ਬਾਅਦ ਸ਼ੱਕੀ ਵਿਅਕਤੀ ਬੱਸ ਲੈ ਕੇ ਪਾਰਕ ਵੇਅ ਤੋਂ ਹਾਈ ਸਟ੍ਰੀਟ ਵੱਲ ਚਲਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਬੱਸ ਨੂੰ ਗਲਤ ਦਿਸ਼ਾ ਵਿੱਚ ਤੇਜ਼ ਅਤੇ ਖ਼ਤਰਨਾਕ ਢੰਗ ਨਾਲ ਚਲਾਇਆ ਗਿਆ।
ਪੁਲਿਸ ਮੁਤਾਬਕ ਬੱਸ ਨੂੰ ਲੈ ਕੇ ਜਾਣ ਦੌਰਾਨ ਕਈ ਵਾਹਨਾਂ ਨੂੰ ਟੱਕਰ ਮਾਰੀ ਗਈ। ਘਟਨਾ ਤੋਂ ਬਾਅਦ ਸਾਹਮਣੇ ਆਈ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਸਿੱਖ ਬੱਸ ਡਰਾਈਵਰ ਨਾਲ ਕੁੱਟਮਾਰ ਕਰਦੇ ਅਤੇ ਉਨ੍ਹਾਂ ਦੀ ਦਾਹੜੀ ਖਿੱਚਦੇ ਹੋਏ ਦੇਖਿਆ ਜਾ ਸਕਦਾ ਹੈ।
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਚਰਚਾ ਵਿੱਚ ਆ ਗਿਆ ਹੈ।
ਸਿੱਖ ਭਾਈਚਾਰੇ ’ਚ ਰੋਸ
ਘਟਨਾ ਤੋਂ ਬਾਅਦ ਬਰਤਾਨੀਆ ਸਮੇਤ ਵੱਖ-ਵੱਖ ਥਾਵਾਂ ’ਤੇ ਰਹਿੰਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਭਾਈਚਾਰੇ ਨਾਲ ਜੁੜੇ ਲੋਕਾਂ ਅਤੇ ਆਗੂਆਂ ਨੇ ਘਟਨਾ ਦੀ ਨਿੰਦਾ ਕਰਦਿਆਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਸ ਘਟਨਾ ਨੂੰ ਅਧਿਕਾਰਤ ਤੌਰ ’ਤੇ ਹੇਟ ਕ੍ਰਾਈਮ ਵਜੋਂ ਦਰਜ ਕੀਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ। ਪੁਲਿਸ ਜਾਂਚ ਰਾਹੀਂ ਹਮਲੇ ਦੇ ਪਿੱਛੇ ਦੀ ਵਜ੍ਹਾ ਅਤੇ ਸ਼ੱਕੀ ਵਿਅਕਤੀ ਦੀ ਮੰਸ਼ਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੈਸਟ ਮਰਸੀਆ ਪੁਲਿਸ ਦੇ ਡਿਟੈਕਟਿਵ ਸਰਜੈਂਟ ਤਾਇਗ ਲੈਨੀ ਨੇ ਕਿਹਾ ਕਿ ਇਹ ਘਟਨਾ ਇਲਾਕੇ ਦੇ ਲੋਕਾਂ ਲਈ ਚਿੰਤਾਜਨਕ ਰਹੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਹੁਣ ਘਟਨਾ ਦੇ ਪੂਰੇ ਹਾਲਾਤ, ਹਮਲੇ ਦੇ ਕਾਰਨ ਅਤੇ ਬੱਸ ਨੂੰ ਕਥਿਤ ਤੌਰ ’ਤੇ ਕਬਜ਼ੇ ਵਿੱਚ ਲੈ ਕੇ ਚਲਾਉਣ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।

