ਹਰਿਆਣਾ : ਭਾਰਤੀ ਰੇਲਵੇ ਨੇ ਗ੍ਰੀਨ ਅਤੇ ਆਧੁਨਿਕ ਟ੍ਰਾਂਸਪੋਰਟ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦੇ ਹੋਏ ਇਤਿਹਾਸ ਰਚ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਸਵਦੇਸ਼ੀ ਹਾਈਡ੍ਰੋਜਨ-ਪਾਵਰਡ ਯਾਤਰੀ ਟ੍ਰੇਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਹਰਿਆਣਾ ਵਿੱਚ ਨੌਰਦਰਨ ਰੇਲਵੇ (ਉੱਤਰੀ ਰੇਲਵੇ) ਦੇ ਤਹਿਤ 89 ਕਿਲੋਮੀਟਰ ਲੰਬੇ ਜੀਂਦ-ਸੋਨੀਪਤ ਰੂਟ ‘ਤੇ ਚੱਲੇਗੀ।
ਜੀਂਦ ਅਤੇ ਸੋਨੀਪਤ ਵਿਚਕਾਰ ਆਪਣੀ ਯਾਤਰਾ ਦੌਰਾਨ ਹਾਈਡ੍ਰੋਜਨ ਟ੍ਰੇਨ 12 ਸਟੇਸ਼ਨਾਂ ‘ਤੇ ਰੁਕੇਗੀ। ਇਹਨਾਂ ਵਿੱਚ ਜੀਂਦ ਸ਼ਹਿਰ, ਪਾਂਡੂ ਪਿੰਡਾਰਾ, ਲਲਿਤ ਖੇੜਾ, ਭੰਬੇਵਾ, ਈਸ਼ਾਪੁਰ ਖੀਰੀ, ਬੁਟਾਨਾ, ਖੰਡਰਾਈ, ਗੋਹਾਨਾ, ਰਭੜਾ, ਲਾਠ, ਮੋਹਨਾ ਹਰਿਆਣਾ ਅਤੇ ਬੜਵਾਸਨੀ ਸ਼ਾਮਲ ਹਨ। ਇਹ ਟ੍ਰੇਨ ਨੰਬਰ 74010/74009 ਦੇ ਨਾਂ ਨਾਲ ਚੱਲੇਗੀ। ਇਸ ਦਾ ਕਿਰਾਇਆ 5 ਤੋਂ 25 ਰੁਪਏ ਤਕ ਰੱਖਿਆ ਗਿਆ ਹੈ। ਇਹ ਟ੍ਰੇਨ 89 ਕਿਲੋਮੀਟਰ ਦਾ ਸਫ਼ਰ ਕਰੀਬ 2 ਘੰਟਿਆਂ ਵਿੱਚ ਪੂਰਾ ਕਰੇਗੀ।
ਪੀਐਮ ਮੋਦੀ ਕੁਝ ਹੀ ਦੇਰ ਵਿੱਚ ਜੀਂਦ ਵਿੱਚ ਇੱਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ। ਇਸ ਦੌਰਾਨ ਉਹ ਐਲੀਵੇਟਿਡ ਰੇਲਵੇ ਟ੍ਰੈਕ, ਦੋ ਮੈਡੀਕਲ ਕਾਲਜਾਂ ਸਮੇਤ ਕੁੱਲ 9 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਹਾਈਡ੍ਰੋਜਨ ਫਿਊਲ ਨਾਲ ਚੱਲਣ ਵਾਲੀ ਟ੍ਰੇਨ ਸ਼ੁਰੂ ਕਰਨ ਵਾਲਾ ਭਾਰਤ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਜਰਮਨੀ, ਫਰਾਂਸ, ਸਵੀਡਨ ਅਤੇ ਚੀਨ ਵਿੱਚ ਹੀ ਹਾਈਡ੍ਰੋਜਨ ਟ੍ਰੇਨਾਂ ਚੱਲ ਰਹੀਆਂ ਹਨ।
ਨਵੀਂ ਹਾਈਡ੍ਰੋਜਨ ਟ੍ਰੇਨ ਵਿੱਚ 3,200 ਹਾਰਸਪਾਵਰ ਦਾ ਸ਼ਕਤੀਸ਼ਾਲੀ ਪ੍ਰੋਪਲਸ਼ਨ ਸਿਸਟਮ ਲਗਾਇਆ ਗਿਆ ਹੈ। ਇਸ ਦੀ ਆਮ ਪਰਿਚਾਲਨ ਰਫ਼ਤਾਰ (ਸਪੀਡ) 75 ਕਿਲੋਮੀਟਰ ਪ੍ਰਤੀ ਘੰਟਾ ਹੈ, ਜਿਸ ਨੂੰ ਲੋੜ ਪੈਣ ‘ਤੇ 110 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾਇਆ ਜਾ ਸਕਦਾ ਹੈ। ਇਹ 10 ਕੋਚਾਂ ਵਾਲੀ ਟ੍ਰੇਨ ਹੈ, ਜਿਸ ਵਿੱਚ ਇੱਕੋ ਸਮੇਂ ਲਗਭਗ 2,600 ਯਾਤਰੀਆਂ ਦੇ ਸਫ਼ਰ ਕਰਨ ਦੀ ਸਮਰੱਥਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਅਜੇ ਦੋ ਤੋਂ ਚਾਰ ਕੋਚਾਂ ਵਾਲੀਆਂ ਹਾਈਡ੍ਰੋਜਨ ਟ੍ਰੇਨਾਂ ਚੱਲ ਰਹੀਆਂ ਹਨ, ਜਦੋਂ ਕਿ ਭਾਰਤ ਨੇ ਸਿੱਧੇ 10 ਕੋਚਾਂ ਵਾਲਾ ਟ੍ਰੇਨਸੈੱਟ ਤਿਆਰ ਕਰਕੇ ਨਵੀਂ ਮਿਸਾਲ ਪੇਸ਼ ਕੀਤੀ ਹੈ।
ਰੇਲਵੇ ਨੇ ਇਸ ਟ੍ਰੇਨ ਵਿੱਚ ਸੁਰੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਹੈ। ਇਸ ਵਿੱਚ ਅਤਿ-ਆਧੁਨਿਕ ਹਾਈਡ੍ਰੋਜਨ ਲੀਕ ਡਿਟੈਕਟਰ, ਫਲੇਮ ਡਿਟੈਕਟਰ ਅਤੇ ਆਟੋਮੈਟਿਕ ਸ਼ਟ-ਆਫ ਸਿਸਟਮ ਲਗਾਏ ਗਏ ਹਨ। ਜੇਕਰ ਪਰਿਚਾਲਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਸਧਾਰਨਤਾ (ਖ਼ਰਾਬੀ) ਸਾਹਮਣੇ ਆਉਂਦੀ ਹੈ, ਤਾਂ ਇਹ ਸਿਸਟਮ ਤੁਰੰਤ ਹਾਈਡ੍ਰੋਜਨ ਦੀ ਸਪਲਾਈ ਬੰਦ ਕਰ ਦੇਵੇਗਾ, ਜਿਸ ਨਾਲ ਯਾਤਰੀਆਂ ਦੀ ਸੁਰੱਖਿਆ ਯਕੀਨੀ ਰਹੇਗੀ।

