ਕੈਨੇਡਾ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ!ਇਸ ਦਿਨ ਤੋਂ ਸ਼ੁਰੂ ਹੋਣ ਜਾ ਰਹੀਆਂ ਦਿੱਲੀ-ਟੋਰਾਂਟੋ ਨੌਨ-ਸਟਾਪ ਉਡਾਣਾਂ, ਸਫ਼ਰ ਹੋਵੇਗਾ ਸੁਖਾਲਾ

Global Team
2 Min Read

ਨਵੀ ਦਿੱਲੀ : ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਏਅਰ ਇੰਡੀਆ ਇੱਕ ਅਗਸਤ ਤੋਂ ਦਿੱਲੀ ਅਤੇ ਟੋਰਾਂਟੋ ਦੇ ਵਿਚਕਾਰ ਬਿਨਾਂ ਕਿਸੇ ਠਹਿਰਾਅ ਵਾਲੀਆਂ ਉਡਾਣਾਂ ਸ਼ੁਰੂ ਕਰੇਗੀ ਅਤੇ ਇਸਦੇ ਲਈ ਨਵੇਂ ਬੋਇੰਗ 787-9 ਡ੍ਰੀਮਲਾਈਨਰ ਜਹਾਜ਼ਾਂ ਦੀ ਵਰਤੋਂ ਕੀਤੀ ਜਾਵੇਗੀ। ਹੁਣ ਯਾਤਰੀਆਂ ਨੂੰ ਰਸਤੇ ਵਿੱਚ ਤੇਲ ਭਰਵਾਉਣ ਲਈ ਰੁਕਣਾ ਨਹੀਂ ਪਵੇਗਾ, ਜਿਸ ਨਾਲ ਸਫ਼ਰ ਦਾ ਸਮਾਂ ਲਗਭਗ 3 ਘੰਟੇ ਘੱਟ ਜਾਵੇਗਾ।

ਇਸ ਦੇ ਨਾਲ ਹੀ ਏਅਰ ਇੰਡੀਆ ਇਸ ਰੂਟ ‘ਤੇ ਆਪਣੀਆਂ ਉਡਾਣਾਂ ਦੀ ਗਿਣਤੀ ਵਧਾ ਕੇ ਰੋਜ਼ਾਨਾ ਕਰ ਰਹੀ ਹੈ, ਜਿਸ ਨਾਲ ਭਾਰਤ ਅਤੇ ਕੈਨੇਡਾ ਵਿਚਕਾਰ ਸਫ਼ਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਅਤੇ ਸੁਖਾਲਾ ਹੋ ਜਾਵੇਗਾ।

ਏਅਰ ਲਾਈਨ ਨੇ ਕਿਹਾ ਕਿ ਤੇਲ ਲਈ ਲੈਣ ਵਾਲੇ ਠਹਿਰਾਅ ਨੂੰ ਹਟਾਉਣ ਨਾਲ ਦਿੱਲੀ-ਟੋਰਾਂਟੋ ਉਡਾਣ ਦਾ ਸਮਾਂ ਲਗਭਗ ਤਿੰਨ ਘੰਟੇ ਘੱਟ ਕੇ ਲਗਭਗ 20 ਘੰਟਿਆਂ ਤੋਂ 17 ਘੰਟੇ ਰਹਿ ਜਾਵੇਗਾ। ਟੋਰਾਂਟੋ ਤੋਂ ਦਿੱਲੀ ਦੀ ਵਾਪਸੀ ਉਡਾਣ ਵੀ ਪਹਿਲਾਂ ਵਾਂਗ ਹੀ ਨੌਨ-ਸਟਾਪ ਰਹੇਗੀ।

ਏਅਰ ਲਾਈਨ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਇਸ ਰੂਟ ‘ਤੇ ਬਿਨਾਂ ਕਿਸੇ ਤੇਲ ਦੇ ਠਹਿਰਾਅ ਤੋਂ ਉਡਾਣ ਸੇਵਾ ਬਹਾਲ ਕਰ ਰਹੀ ਹੈ। 2025 ਵਿੱਚ ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਉਸਨੂੰ ਉੱਤਰੀ ਅਮਰੀਕਾ ਅਤੇ ਯੂਰਪ ਲਈ ਲੰਬਾ ਰਸਤਾ ਅਪਣਾਉਣਾ ਪਿਆ ਸੀ।

ਏਅਰ ਇੰਡੀਆ ਨੇ ਜਾਰੀ ਬਿਆਨ ਵਿੱਚ ਕਿਹਾ ਕਿ 1 ਅਗਸਤ ਤੋਂ ਦਿੱਲੀ-ਟੋਰਾਂਟੋ ਵਿਚਕਾਰ ਰੋਜ਼ਾਨਾ ਉਡਾਣਾਂ ਚਲਾਈਆਂ ਜਾਣਗੀਆਂ, ਜੋ ਕਿ ਹੁਣ ਹਫ਼ਤੇ ਵਿੱਚ ਪੰਜ ਵਾਰ ਚਲਾਈਆਂ ਜਾ ਰਹੀਆਂ ਸਨ। ਫਿਲਹਾਲ ਇਸ ਰੂਟ ‘ਤੇ ਉਡਾਣਾਂ ਬੋਇੰਗ 777 ਜਹਾਜ਼ਾਂ ਰਾਹੀਂ ਵੀਅਨਾ ਵਿੱਚ ਤੇਲ ਭਰਨ ਦੇ ਠਹਿਰਾਅ ਨਾਲ ਚਲਾਈਆਂ ਜਾ ਰਹੀਆਂ ਹਨ।

ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਅਤੇ ਪ੍ਰਬੰਧ ਨਿਰਦੇਸ਼ਕ ਕੈਂਪਬੈੱਲ ਵਿਲਸਨ ਨੇ ਕਿਹਾ ਕਿ ਅੰਤਰਰਾਸ਼ਟਰੀ ਰੂਟਾਂ ‘ਤੇ ਨਵੇਂ ਜਹਾਜ਼ਾਂ ਅਤੇ ਬਿਹਤਰ ਕੈਬਿਨ ਸਹੂਲਤਾਂ ਦਾ ਵਿਸਥਾਰ ਕੀਤਾ ਜਾ ਰਹਾ ਹੈ, ਜਿਸ ਨਾਲ ਯਾਤਰੀਆਂ ਨੂੰ ਬਿਹਤਰ ਅਨੁਭਵ ਮਿਲੇਗਾ।

ਰਿਪੋਰਟਸ ਅਨੁਸਾਰ ਦਿੱਲੀ-ਟੋਰਾਂਟੋ ਰੂਟ ‘ਤੇ ਤਾਇਨਾਤ ਹੋਣ ਵਾਲਾ ਨਵਾਂ ਬੋਇੰਗ 787-9 ਡ੍ਰੀਮਲਾਈਨਰ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਵਿੱਚ 30 ਬਿਜ਼ਨਸ ਕਲਾਸ ਪ੍ਰਾਈਵੇਟ ਸੂਟ, 28 ਪ੍ਰੀਮੀਅਮ ਇਕਾਨਮੀ ਸੀਟਾਂ ਅਤੇ 238 ਇਕਾਨਮੀ ਕਲਾਸ ਸੀਟਾਂ ਹਨ। ਇਸ ਨਾਲ ਯਾਤਰੀਆਂ ਨੂੰ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਆਰਾਮਦਾਇਕ ਅਤੇ ਪ੍ਰੀਮੀਅਮ ਯਾਤਰਾ ਦਾ ਤਜਰਬਾ ਮਿਲੇਗਾ।

Share This Article
Leave a Comment