ਪ੍ਰਧਾਨ ਮੰਤਰੀ ਮੋਦੀ ਸਮੇਤ ਸੰਵਿਧਾਨਕ ਮੁਖੀਆਂ ਵਿਰੁੱਧ ਇਤਰਾਜ਼ਯੋਗ ਪੋਸਟਾਂ ਦਾ ਮਾਮਲਾ: ਦਿੱਲੀ ਪੁਲਿਸ ਨੇ ‘X’ ਨੂੰ ਲਿਖੀ ਚਿੱਠੀ

Global Team
2 Min Read

ਨਵੀ ਦਿੱਲੀ : ਪ੍ਰਧਾਨ ਮੰਤਰੀ ਮੋਦੀ ਸਮੇਤ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਵਿਅਕਤੀਆਂ ਵਿਰੁੱਧ X ‘ਤੇ ਕਥਿਤ ਇਤਰਾਜ਼ਯੋਗ ਅਤੇ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਦਿੱਲੀ ਪੁਲਿਸ ਨੇ ਬੁੱਧਵਾਰ ਨੂੰ X ਨੂੰ ਇਕ ਪੱਤਰ ਲਿਖਿਆ।

ਇਸ ਵਿੱਚ ਕਿਹਾ ਗਿਆ ਹੈ ਕਿ “ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸੰਵਿਧਾਨਕ ਮੁਖੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਪਮਾਨਜਨਕ, ਮੰਦਭਾਵਨਾਪੂਰਨ ਅਤੇ ਮਾਣਹਾਨੀ ਵਾਲਾ ਕੰਟੈਂਟ ਫੈਲਾਇਆ ਜਾ ਰਿਹਾ ਹੈ।” ਦਿੱਲੀ ਪੁਲਿਸ ਨੇ ਆਪਣੇ ਪੱਤਰ ਵਿੱਚ X ਤੋਂ ਅਜਿਹੇ ਪੋਸਟਾਂ ਅਤੇ ਵੀਡੀਓਜ਼ ਨੂੰ ਹਟਾਉਣ ਅਤੇ ਅਜਿਹੀਆਂ ਚੀਜ਼ਾਂ ਪੋਸਟ ਕਰਨ ਵਾਲਿਆਂ ਦੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ।

ਦਿੱਲੀ ਪੁਲਿਸ ਨੇ ਇਹ ਕਦਮ ਅਜਿਹੇ ਸਮੇਂ ‘ਚ ਚੁੱਕਿਆ ਹੈ, ਜਦੋਂ ਹਾਲ ਹੀ ‘ਚ ਹੋਏ ਵਿਦਿਆਰਥੀ ਅੰਦੋਲਨ ਦੌਰਾਨ ਬਹੁਤ ਸਾਰੇ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸੰਵਿਧਾਨਕ ਅਹੁਦਿਆਂ ‘ਤੇ ਬੈਠੀਆਂ ਸ਼ਖ਼ਸੀਅਤਾਂ ਵਿਰੁੱਧ ਅਭੱਦਰ ਭਾਸ਼ਾ ਦੀ ਵਰਤੋਂ ਕਰਦੇ ਨਜ਼ਰ ਆਏ। ਖ਼ੁਦ ਨੂੰ ‘ਜੈਨ ਜੀ’ ਦੱਸਣ ਵਾਲੇ ਕਈ ਯੂਜ਼ਰਜ਼ ਨੇ ਸੋਸ਼ਲ ਮੀਡੀਆ ‘ਤੇ ਵੀ ਅਜਿਹਾ ਕੰਟੈਂਟ ਪੋਸਟ ਕੀਤਾ ਜਿਸ ਵਿੱਚ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ, ਕੁੱਝ ਲੋਕਾਂ ਨੇ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਆਪਣੀਆਂ ਗ਼ਲਤੀਆਂ ਲਈ ਮਾਫ਼ੀ ਵੀ ਮੰਗੀ ਹੈ।

ਹੁਣ ਪੁਲਿਸ ਨੇ ਇੱਕ ਸ਼ਿਕਾਇਤ ਮਿਲਣ ‘ਤੇ ਐਕਸ (X) ਨੂੰ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਕਿ ਸੰਵਿਧਾਨਕ ਮੁਖੀਆਂ ਵਿਰੁੱਧ ਅਪਮਾਨਜਨਕ, ਭਰਮਾਊ ਅਤੇ ਮਾਣਹਾਨੀ ਵਾਲੀ ਸਮੱਗਰੀ ਪ੍ਰਸਾਰਿਤ ਕੀਤੀ ਜਾ ਰਹੀ ਹੈ। ਐਕਸ ਨੂੰ ਕਿਹਾ ਗਿਆ ਹੈ ਕਿ ਅਜਿਹੀਆਂ ਸਾਰੀਆਂ ਪੋਸਟਾਂ/ਵੀਡੀਓਜ਼ ਜਾਂ ਹੋਰ ਸਮੱਗਰੀ ਨੂੰ ਤੁਰੰਤ ਡਿਲੀਟ ਕੀਤਾ ਜਾਵੇ। ਪੁਲਿਸ ਨੇ ਇਹ ਸਮੱਗਰੀ ਪੋਸਟ ਕਰਨ ਵਾਲੇ ਅਕਾਊਂਟ ਹੋਲਡਰਾਂ ਦੀ ਪੂਰੀ ਜਾਣਕਾਰੀ ਵੀ ਮੰਗੀ ਹੈ। ਐਕਸ ਅਕਾਊਂਟ ਹੋਲਡਰ ਦਾ ਪੂਰਾ ਨਾਂ, ਪਤਾ, ਫ਼ੋਨ ਨੰਬਰ, ਈਮੇਲ ਆਈਡੀ ਆਦਿ ਦੱਸਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਉਹ ਕਿੱਥੋਂ ਲੌਗ-ਇਨ ਅਤੇ ਲੌਗ-ਆਊਟ (Log-out) ਕਰ ਰਹੇ ਹਨ, ਇਹ ਵੀ ਪੁੱਛਿਆ ਗਿਆ ਹੈ।

ਦਿੱਲੀ ਪੁਲਿਸ ਨੇ ਕਿਹਾ ਹੈ ਕਿ ਜੇਕਰ ਇਹਨਾਂ ਦੇ ਸਬੰਧ ਵਿੱਚ ਕੋਈ ਹੋਰ ਵੀ ਜਾਣਕਾਰੀ ਹੋਵੇ ਜੋ ਜਾਂਚ ਵਿੱਚ ਮਦਦਗਾਰ ਹੋ ਸਕਦੀ ਹੈ, ਤਾਂ ਦਿੱਤੀ ਜਾਵੇ। ਇਸ ਤੋਂ ਇਲਾਵਾ ਕਥਿਤ ਪੋਸਟਾਂ/ਵੀਡੀਓਜ਼ ਦੇ ਵੇਰਵੇ ਨੂੰ ਭਵਿੱਖ ਲਈ ਸੰਭਾਲ ਕੇ ਰੱਖਣ ਲਈ ਕਿਹਾ ਗਿਆ ਹੈ।

Share This Article
Leave a Comment