ਨਿਊਜ਼ ਡੈਸਕ : ਨਿੰਬੂ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਦੇ ਨਾਲ-ਨਾਲ ਸਾਡੀ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਰ ਆਮ ਤੌਰ ‘ਤੇ ਲੋਕ ਇਸ ਦਾ ਰਸ ਨਿਚੋੜਨ ਤੋਂ ਬਾਅਦ ਇਸ ਦੇ ਛਿਲਕੇ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਇਹ ਛਿਲਕਾ ਸਾਡੇ ਬਹੁਤ ਕੰਮ ਦਾ ਹੁੰਦਾ ਹੈ, ਇਸ ਨੂੰ ਅਸੀਂ ਆਪਣੇ ਕਈ ਘਰੇਲੂ ਕੰਮਾਂ ਵਿੱਚ ਵਰਤੋਂ ‘ਚ ਲਿਆ ਸਕਦੇ ਹਾਂ। ਸੁੱਕਾ ਨਿੰਬੂ ਜਾਂ ਨਿੰਬੂ ਦਾ ਛਿਲਕਾ ਘਰ ਦੇ ਕਈ ਛੋਟੇ-ਵੱਡੇ ਕੰਮਾਂ ਨੂੰ ਆਸਾਨ ਬਣਾ ਸਕਦਾ ਹੈ। ਨਿੰਬੂ ਨਾਲ ਤੁਸੀਂ ਰਸੋਈ ਦੀ ਸਫ਼ਾਈ ਕਰ ਸਕਦੇ ਹੋ।
ਇੰਨਾ ਹੀ ਨਹੀਂ, ਫਰਿੱਜ ਅਤੇ ਡਸਟਬਿਨ ਦੀ ਬਦਬੂ ਘੱਟ ਕਰਨ, ਹਰਬਲ ਡ੍ਰਿੰਕ ਵਿੱਚ ਫਲੇਵਰ ਵਧਾਉਣ, ਕੰਪੋਸਟ ਬਣਾਉਣ ਅਤੇ ਘਰ ਵਿੱਚ ਕੁਦਰਤੀ ਖੁਸ਼ਬੂ ਫੈਲਾਉਣ ਵਰਗੇ ਕਈ ਤਰੀਕਿਆਂ ਨਾਲ ਇਸ ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਹਾਡੇ ਘਰ ਵਿੱਚ ਵੀ ਸੁੱਕੇ ਨਿੰਬੂ ਪਏ ਹਨ, ਤਾਂ ਉਹਨਾਂ ਨੂੰ ਸੁੱਟਣ ਤੋਂ ਪਹਿਲਾਂ ਇਹ ਨੁਸਖ਼ੇ ਤੁਸੀਂ ਵੀ ਜਾਣ ਲਓ।
ਚਮੜੀ ਲਈ ਲਾਹੇਵੰਦ
ਨਿੰਬੂ ਦਾ ਛਿਲਕਾ ਸਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੈ। ਹਲਕੇ ਹੱਥਾਂ ਨਾਲ ਇਸ ਨੂੰ ਚਮੜੀ ‘ਤੇ ਰਗੜਨ ਨਾਲ ਦਾਗ਼-ਧੱਬੇ ਘੱਟ ਹੋ ਜਾਂਦੇ ਹਨ। ਨਾਲ ਹੀ, ਇਹ ਸਾਡੀਆਂ ਫਟੀਆਂ ਅੱਡੀਆਂ ਲਈ ਵੀ ਬੇਹੱਦ ਗੁਣਕਾਰੀ ਹੈ। ਨਿੰਬੂ ਦੇ ਛਿਲਕੇ ਨੂੰ ਪਾਣੀ ਵਿੱਚ ਉਬਾਲ ਲਓ, ਉਸ ਤੋਂ ਬਾਅਦ ਉਸ ਵਿੱਚ ਥੋੜ੍ਹਾ ਜਿਹਾ ਸ਼ੈਂਪੂ ਪਾ ਦਿਓ ਅਤੇ ਫਿਰ ਆਪਣੇ ਪੈਰਾਂ ਨੂੰ ਇਸ ਪਾਣੀ ਨਾਲ ਸਾਫ਼ ਕਰੋ। ਤਲਿਆਂ ‘ਤੇ ਜੰਮੀ ਗੰਦਗੀ ਸਾਫ਼ ਹੋਣ ਦੇ ਨਾਲ-ਨਾਲ ਤੁਹਾਡੀਆਂ ਫਟੀਆਂ ਅੱਡੀਆਂ ਵੀ ਨਰਮ ਤੇ ਕੋਮਲ ਹੋ ਜਾਣਗੀਆਂ।
ਕੁਦਰਤੀ ਕਲੀਨਰ ਬਣਾਓ
ਤੁਸੀਂ ਸੁੱਕੇ ਨਿੰਬੂ ਜਾਂ ਨਿੰਬੂ ਦੇ ਛਿਲਕਿਆਂ ਤੋਂ ਕੁਦਰਤੀ ਕਲੀਨਰ ਬਣਾ ਸਕਦੇ ਹੋ। ਇਸ ਕਲੀਨਰ ਨਾਲ ਗੈਸ ਸਟੋਵ ਦੀ ਚਿਕਨਾਈ ਸਾਫ਼ ਕਰ ਸਕਦੇ ਹੋ। ਸਿੰਕ ਦੀ ਬਦਬੂ ਘੱਟ ਕਰਨ, ਸਟੀਲ ਦੇ ਬਰਤਨਾਂ ਦੀ ਸਫ਼ਾਈ ਅਤੇ ਕਟਿੰਗ ਬੋਰਡ ਨੂੰ ਸਾਫ਼ ਕਰਨ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਫ਼ਰਿੱਜ ਡੀਓਡੋਰਾਈਜ਼ਰ
ਤੁਸੀਂ ਸੁੱਕੇ ਨਿੰਬੂ ਦੇ ਛਿਲਕਿਆਂ ਤੋਂ ਫ਼ਰਿੱਜ ਡੀਓਡੋਰਾਈਜ਼ਰ ਵੀ ਬਣਾ ਸਕਦੇ ਹੋ। ਨਿੰਬੂ ਵਿੱਚ ਬੇਕਿੰਗ ਸੋਡਾ ਭਰ ਕੇ ਫ਼ਰਿੱਜ ਵਿੱਚ ਰੱਖ ਸਕਦੇ ਹੋ। ਇਸ ਨਾਲ ਫ਼ਰਿੱਜ ਦੀ ਹਲਕੀ ਬਦਬੂ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਚਾਹ ਜਾਂ ਕਾੜ੍ਹੇ ਵਿੱਚ ਵਰਤੋਂ
ਪੂਰੀ ਤਰ੍ਹਾਂ ਸੁੱਕੇ ਅਤੇ ਸਾਫ਼ ਨਿੰਬੂ ਦੇ ਛਿਲਕਿਆਂ ਨੂੰ ਚਾਹ ਜਾਂ ਹਰਬਲ ਡ੍ਰਿੰਕ ਵਿੱਚ ਫਲੇਵਰ ਵਧਾਉਣ ਲਈ ਵਰਤਿਆ ਜਾ ਸਕਦਾ ਹੈ।
ਕੂੜੇਦਾਨ ਦੀ ਬਦਬੂ ਘੱਟ ਕਰਨ ਲਈ
ਸੁੱਕੇ ਨਿੰਬੂ ਦੇ ਛਿਲਕੇ ਡਸਟਬਿਨ ਦੇ ਹੇਠਾਂ ਰੱਖੇ ਜਾ ਸਕਦੇ ਹਨ। ਇਸ ਨਾਲ ਤੁਹਾਨੂੰ ਕੂੜੇਦਾਨ ਦੀ ਬਦਬੂ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਮਾਈਕ੍ਰੋਵੇਵ ਦੀ ਸਫ਼ਾਈ
ਗਰਮ ਪਾਣੀ ਵਿੱਚ ਸੁੱਕੇ ਨਿੰਬੂ ਦੇ ਛਿਲਕੇ ਪਾ ਕੇ ਕੁਝ ਮਿੰਟ ਗਰਮ ਕਰੋ, ਫਿਰ ਅੰਦਰਲੀ ਸਤ੍ਹਾ ਨੂੰ ਪੂੰਝ ਲਓ। ਇਸ ਤਰ੍ਹਾਂ ਤੁਸੀਂ ਮਾਈਕ੍ਰੋਵੇਵ ਸਾਫ਼ ਕਰ ਸਕਦੇ ਹੋ।
ਬਰਤਨਾਂ ਦੇ ਜ਼ਿੱਦੀ ਦਾਗ਼
ਲੂਣ ਦੇ ਨਾਲ ਨਿੰਬੂ ਦੇ ਛਿਲਕੇ ਦੀ ਵਰਤੋਂ ਕਰਕੇ ਬਰਤਨਾਂ ਦੀ ਸਤ੍ਹਾ ਦੀ ਸਫ਼ਾਈ ਕੀਤੀ ਜਾ ਸਕਦੀ ਹੈ। ਇਸ ਨਾਲ ਤੁਹਾਨੂੰ ਜ਼ਿੱਦੀ ਦਾਗ਼ ਹਟਾਉਣ ਵਿੱਚ ਆਸਾਨੀ ਹੋਵੇਗੀ।
ਬਗ਼ੀਚੇ ਵਿੱਚ ਵਰਤੋਂ
ਪੂਰੀ ਤਰ੍ਹਾਂ ਸੁੱਕੇ ਛਿਲਕਿਆਂ ਨੂੰ ਕੰਪੋਸਟ ਵਿੱਚ ਪਾਓ। ਇਸ ਨੂੰ ਪੀਸ ਕੇ ਸੀਮਤ ਮਾਤਰਾ ਵਿੱਚ ਜੈਵਿਕ ਕੂੜੇ-ਕਰਕਟ ਨਾਲ ਮਿਲਾਇਆ ਜਾ ਸਕਦਾ ਹੈ।

