ਅਮਰੀਕਾ-ਇਰਾਨ ਵਿਚਾਲੇ ਫਿਰ ਵਧਿਆ ਤਣਾਅ! ਇਰਾਨ ਤੇ ਕੀਤੇ ਤਾਬੜਤੋੜ ਹਵਾਈ ਹਮਲੇ

Global Team
2 Min Read

ਤੇਹਰਾਨ : ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਜਾਰੀ ਜੰਗਬੰਦੀ ਅਤੇ ਸ਼ਾਂਤੀ ਸਮਝੌਤਾ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਪਿਛਲ ਕੁਝ ਘੰਟਿਆਂ ਦੌਰਾਨ ਅਮਰੀਕੀ ਫ਼ੌਜ ਨੇ ਇਰਾਨ ਦੇ ਕਈ ਅਹਿਮ ਟਿਕਾਣਿਆਂ ‘ਤੇ ਭਿਆਨਕ ਏਅਰਸਟ੍ਰਾਈਕ ਕੀਤੀ ਹੈ। ਇਨ੍ਹਾਂ ਹਮਲਿਆਂ ਵਿੱਚ ਬੁਸ਼ਹਿਰ, ਚਾਬਹਾਰ, ਬੰਦਰ ਅੱਬਾਸ, ਸੀਰਿਕ ਅਤੇ ਕੋਨਾਰਕ ਸਮੇਤ ਕਈ ਸ਼ਹਿਰਾਂ ਵਿੱਚ ਫ਼ੌਜੀ ਅਤੇ ਰਣਨੀਤਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਅਮਰੀਕੀ ਸੈਂਟਰਲ ਕਮਾਂਡ ਨੇ ਜਾਣਕਾਰੀ ਦਿੱਤੀ ਕਿ ਰਾਸ਼ਟਰਪਤੀ ਦੇ ਨਿਰਦੇਸ਼ਾਂ ‘ਤੇ ਇਰਾਨ ਦੇ ਖ਼ਿਲਾਫ਼ ਵਾਧੂ ਹਵਾਈ ਹਮਲੇ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਇਰਾਨ ਦੀ ਸਮਰੱਥਾ ਨੂੰ ਹੋਰ ਕਮਜ਼ੋਰ ਕਰਨਾ ਹੈ। ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਮਹੱਤਵਪੂਰਨ ਅੰਤਰਰਾਸ਼ਟਰੀ ਜਲਮਾਰਗ ਤੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਕਰੂ ਦੇ ਖ਼ਿਲਾਫ਼ ਹਾਲ ਹੀ ਵਿੱਚ ਇਰਾਨ ਵੱਲੋਂ ਬਿਨਾਂ ਕਿਸੇ ਉਕਸਾਵੇ ਦੇ ਕੀਤੀ ਗਈ ਹਮਲਾਵਰਤਾ ਲਈ ਉਸ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਾ ਹੈ।

CENTCOM ਨੇ ਇਰਾਨ ‘ਤੇ ਹੋਈ ਹਾਲੀਆ ਏਅਰਸਟ੍ਰਾਈਕ ਦੀ ਵੀਡੀਓ ਜਾਰੀ ਕੀਤੀ ਹੈ। CENTCOM ਨੇ ਦਾਅਵਾ ਕੀਤਾ ਕਿ ਇਸ ਮੁਹਿੰਮ ਵਿੱਚ ਇਰਾਨ ਦੇ ਲਗਭਗ 90 ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।ਅਮਰੀਕਾ ਮੁਤਾਬਕ ਹਮਲਿਆਂ ਵਿੱਚ ਏਅਰ ਡਿਫੈਂਸ ਸਿਸਟਮ , ਤੱਟਵਰਤੀ ਨਿਗਰਾਨੀ ਟਿਕਾਣੇ, ਮਿਜ਼ਾਈਲ ਅਤੇ ਡ੍ਰੋਨ ਸਟੋਰੇਜ ਸਾਈਟਾਂ, ਨੌਸੈਨਿਕ ਟਿਕਾਣੇ ਅਤੇ ਫ਼ੌਜੀ ਲੌਜਿਸਟਿਕਸ ਇੰਫ੍ਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਇਆ ਗਿਆ।

ਦੂਜੇ ਪਾਸੇ, ਇਰਾਨ ਨੇ ਅਮਰੀਕਾ ‘ਤੇ ਹੀ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ। ਇਰਾਨ ਦੇ ਮੁੱਖ ਵਾਰਤਾਕਾਰ ਅਤੇ ਸੰਸਦ ਸਪੀਕਰ ਮੁਹੰਮਦ ਬਾਘੇਰ ਗਾਲੀਬਾਫ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਲਿਖਿਆ, “ਟ੍ਰੰਪ ਪ੍ਰਸ਼ਾਸਨ ਨੇ ਸ਼ੁਰੂਆਤੀ ਸਮਝੌਤੇ ਦੀਆਂ ਸ਼ਰਤਾਂ ਦੀ ਵਾਰ-ਵਾਰ ਉਲੰਘਣਾ ਕੀਤੀ ਹੈ, ਜਿਸ ਕਾਰਨ ਸਾਨੂੰ ਜਵਾਬ ਦੇਣ ਲਈ ਮਜਬੂਰ ਹੋਣਾ ਪਿਆ। ਧੌਂਸ ਜਮਾਉਣ ਅਤੇ ਜਬਰਨ ਵਸੂਲੀ ਦਾ ਦੌਰ ਹੁਣ ਖ਼ਤਮ ਹੋ ਚੁੱਕਾ ਹੈ। ਇਸ ਨਾਲ ਕੁਝ ਹਾਸਲ ਨਹੀਂ ਹੋਵੇਗਾ। ਅਸੀਂ ਝੁਕਣ ਵਾਲੇ ਨਹੀਂ ਹਾਂ।”

ਇਰਾਨ ਦਾ ਦੋਸ਼ ਹੈ ਕਿ ਵਾਸ਼ਿੰਗਟਨ ‘ਸਟਰੇਟ ਆਫ ਹੋਰਮੁਜ਼’ ਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ ਅਤੇ ਲੇਬਨਾਨ ਵਿੱਚ ਇਜ਼ਰਾਈਲੀ ਫ਼ੌਜ ਦੀ ਵਾਪਸੀ ਸਮੇਤ ਸੀਜ਼ਫਾਇਰ (ਜੰਗਬੰਦੀ) ਨੂੰ ਲਾਗੂ ਕਰਵਾਉਣ ਵਿੱਚ ਨਾਕਾਮ ਰਿਹਾ ਹੈ।

 

Share This Article
Leave a Comment