ਨਿਊਜ਼ ਡੈਸਕ: ਸ਼੍ਰੀਲੰਕਾ ਵਿੱਚ ਇੱਕ ਬਿਰਧ ਆਸ਼ਰਮ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਸੱਤ ਹੋਰ ਬਜ਼ੁਰਗ ਝੁਲਸ ਗਏ ਹਨ। ਪੁਲਿਸ ਨੇ ਦੱਸਿਆ ਕਿ ਕੋਲੰਬੋ ਤੋਂ ਲਗਭਗ 65 ਕਿਲੋਮੀਟਰ ਦੱਖਣ-ਪੂਰਬ ਵਿੱਚ, ਬੁੱਧਵਾਰ ਸ਼ਾਮ 5:30 ਵਜੇ ਦੇ ਕਰੀਬ, ਕਾਲੂਤਾਰਾ ਜ਼ਿਲ੍ਹੇ ਦੇ ਅੰਗੂਰੂਵਾਟੋਟਾ ਵਿੱਚ ਮਾਵਾਪੀਆ ਸੇਵਾਨਾ ਬਿਰਧ ਆਸ਼ਰਮ ਵਿੱਚ ਅੱਗ ਲੱਗ ਗਈ ਹੈ।
ਪੁਲਿਸ ਨੇ ਦੱਸਿਆ ਕਿ 10 ਲੋਕ ਇਮਾਰਤ ਵਿੱਚ ਮ੍ਰਿਤਕ ਪਾਏ ਗਏ, ਜਦੋਂ ਕਿ ਇੱਕ ਹੋਰ ਬਜ਼ੁਰਗ ਵਿਅਕਤੀ ਦੀ ਹੋਰਾਨਾ ਬੇਸ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਮੌਤ ਹੋ ਗਈ ਹੈ। ਪੁਲਿਸ ਦੇ ਅਨੁਸਾਰ, ਕੁੱਲ 51 ਲੋਕਾਂ ਨੂੰ ਬਚਾਇਆ ਗਿਆ, ਜਦੋਂ ਕਿ ਸੱਤ ਜ਼ਖਮੀ ਹਸਪਤਾਲ ਵਿੱਚ ਹਨ। ਪੁਲਿਸ ਨੇ ਦੱਸਿਆ ਕਿ ਸਥਾਨਿਕ ਨਿਵਾਸੀਆਂ ਅਤੇ ਪੁਲਿਸ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਹੈ। ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਘਟਨਾ ਦੌਰਾਨ ਇੱਕ ਗੈਸ ਸਿਲੰਡਰ ਫਟ ਗਿਆ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।
ਬਿਰਧ ਆਸ਼ਰਮ ਵਿੱਚ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਬਚਾਏ ਗਏ ਲੋਕ ਅਸਥਾਈ ਤੌਰ ‘ਤੇ ਨੇੜਲੇ ਸਕੂਲ ਵਿੱਚ ਰਹਿ ਰਹੇ ਹਨ। ਉਨ੍ਹਾਂ ਨੂੰ ਸੁਰੱਖਿਅਤ ਸਥਾਨ ‘ਤੇ ਤਬਦੀਲ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

