ਪਾਕਿਸਤਾਨ ’ਚ ਜਨਵਰੀ 2024 ਦੇ ਆਖਰੀ ਹਫ਼ਤੇ ਹੋਣ ਜਾ ਰਹੀਆਂ ਆਮ ਚੋਣਾਂ

Global Team
2 Min Read

ਨਿਊਜ਼ ਡੈਸਕ: ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਐਲਾਨ ਕਰ ਦਿੱਤਾ ਹੈ ਕਿ ਦੇਸ਼ ਵਿੱਚ ਆਮ ਚੋਣਾਂ ਅਗਲੇ ਸਾਲ ਜਨਵਰੀ ਮਹੀਨੇ ਦੇ ਆਖਰੀ ਹਫ਼ਤੇ ’ਚ ਹੋਣਗੀਆਂ। ਵਿੱਤੀ ਸੰਕਟ ਨਾਲ ਜੂਝ ਰਹੇ ਦੇਸ਼ ਵਿੱਚ ਸਿਆਸੀ ਪਾਰਟੀਆਂ ਵੱਲੋਂ ਸਮੇਂ ਸਿਰ ਚੋਣਾਂ ਕਰਵਾਉਣ ਦੇ ਵਧ ਰਹੇ ਦਬਾਅ ਦੌਰਾਨ ਚੋਣ ਕਮਿਸ਼ਨ ਨੇ ਇਹ ਐਲਾਨ ਕੀਤਾ ਹੈ। ਕਮਿਸ਼ਨ ਨੇ ਇੱਥੇ ਜਾਰੀ ਇੱਕ ਬਿਆਨ ’ਚ ਕਿਹਾ ਕਿ ਉਸ ਨੇ ਚੋਣ ਹਲਕਿਆਂ ਦੀ ਹੱਦਬੰਦੀ ਦੇ ਕੰਮ ਦੀ ਸਮੀਖਿਆ ਕੀਤੀ ਹੈ ਅਤੇ ਹਲਕਿਆਂ ਦੀ ਹੱਦਬੰਦੀ ਦੀ ਸ਼ੁਰੂਆਤੀ ਸੂਚੀ 27 ਸਤੰਬਰ ਨੂੰ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ।

ਸੂਚੀ ਵਿੱਚ ਕਿਹਾ ਗਿਆ ਕਿ ਪਾਰਟੀਆਂ ਇਸ ਸਬੰਧੀ ਇਤਰਾਜ਼ ਦਾਖਲ ਕਰ ਸਕਦੀਆਂ ਹਨ ਜਿਸ ਮਗਰੋਂ ਚੋਣ ਕਮਿਸ਼ਨ ਸਾਰੇ ਇਤਰਾਜ਼ਾਂ ਅਤੇ ਸੁਝਾਵਾਂ ਦਾ ਹੱਲ ਕਰੇਗਾ। ਸੂਚੀ ਦੇ ਸਬੰਧ ’ਚ ਪਾਰਟੀਆਂ ਦੇ ਇਤਰਾਜ਼ਾਂ ਅਤੇ ਸੁਝਾਵਾਂ ’ਤੇ ਵਿਚਾਰ ਕਰਨ ਮਗਰੋਂ 30 ਨਵੰਬਰ ਨੂੰ ਆਖਰੀ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ ਜਿਸ ਮਗਰੋਂ ਚੋਣ ਪ੍ਰੋਗਰਾਮ ਸ਼ੁਰੂ ਹੋਵੇਗਾ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਹੱਦਬੰਦੀ ਦਾ ਕੰਮ ਖਤਮ ਹੋਣ ’ਤੇ 54 ਦਿਨਾ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਅਤੇ ‘‘ਚੋਣਾਂ ਜਨਵਰੀ 2024 ਦੇ ਆਖਰੀ ਹਫ਼ਤੇ ਹੋਣ ਦੀ ਸੰਭਾਵਨਾ ਜਤਾਈ।’’

ਪਾਕਿਸਤਾਨ ’ਚ ਕੌਮੀ ਅਸੈਂਬਲੀ 9 ਅਗਸਤ ਨੂੰ ਭੰਗ ਕਰ ਦਿੱਤੀ ਗਈ ਸੀ ਅਤੇ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਅਸੈਂਬਲੀ ਭੰਗ ਹੋਣ ਦੇ 90 ਦਿਨਾਂ ਦੇ ਅੰਦਰ ਚੋਣਾਂ ਹੋਣੀਆਂ ਚਾਹੀਦੀਆਂ ਹਨ। ਪਿਛਲੀ ਸਰਕਾਰ ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਕੁਝ ਦਿਨਾਂ ਪਹਿਲਾਂ ਐਲਾਨ ਕੀਤਾ ਸੀ ਕਿ ਨਵੀਂ ਜਨਗਣਨਾ ਰਿਪੋਰਟ ਆਉਣ ਮਗਰੋਂ ਉਸ ਦੇ ਆਧਾਰ ’ਤੇ ਚੋਣ ਹਲਕਿਆਂ ਦੀ ਪੁਨਰ ਹੱਦਬੰਦੀ ਕੀਤੀ ਜਾਵੇਗੀ ਅਤੇ ਉਸ ਮਗਰੋਂ ਆਮ ਚੋਣਾਂ ਕਰਵਾਈਆਂ ਜਾਣਗੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment