ਨਵੀ ਦਿੱਲੀ : ਰਾਸ਼ਟਰਪਤੀ ਭਵਨ ਵਿੱਚ ਬੀਤੀ ਸ਼ਾਮ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਦੇਸ਼ ਦੀਆਂ ਮਾਨਯੋਗ ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ 66 ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਦਿੱਤੇ ਗਏ। ਰਾਸ਼ਟਰਪਤੀ ਨੇ ਸਭ ਤੋਂ ਪਹਿਲਾਂ ਸਵਰਗੀ ਫਿਲਮ ਸਟਾਰ ਧਰਮਿੰਦਰ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ, ਇਹ ਸਨਮਾਨ ਉਨ੍ਹਾਂ ਦੀ ਪਤਨੀ ਅਦਾਕਾਰਾ-ਸੰਸਦ ਮੈਂਬਰ ਹੇਮਾ ਮਾਲਿਨੀ ਨੇ ਲਿਆ।
ਉੱਥੇ ਹੀ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਨੂੰ ਵੀ ਰਾਸ਼ਟਰਪਤੀ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੀ ਅਗਵਾਈ ਵਿੱਚ ਟੀਮ ਨੇ ਵਨਡੇ ਵਰਲਡ ਕੱਪ ਜਿੱਤਿਆ ਸੀ।ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੁਲ 66 ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਸਾਲ 2026 ਵਿੱਚ ਕੁੱਲ 131 ਲੋਕਾਂ ਨੂੰ ਪਦਮ ਪੁਰਸਕਾਰ ਲਈ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚੋਂ ਬਾਕੀ ਬਚੇ 65 ਜੇਤੂਆਂ ਨੂੰ ਅਗਲੇ ਪੜਾਅ ਵਿੱਚ ਸਨਮਾਨਿਤ ਕੀਤਾ ਜਾਵੇਗਾ, ਜਿਸ ਦੀ ਤਾਰੀਖ਼ ਅਜੇ ਸਾਹਮਣੇ ਨਹੀਂ ਆਈ ਹੈ।
ਪੁਡੂਚੇਰੀ ਦੇ ਪ੍ਰਸਿੱਧ ਸਿਲਾੰਬਮ ਗੁਰੂ ਕੇ. ਪਜ਼ਾਨੀਵੇਲ ਨੂੰ ਭਾਰਤ ਵਿੱਚ ਰਵਾਇਤੀ ਮਾਰਸ਼ਲ ਆਰਟਸ ਵਿੱਚ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਤੋਂ ਪਹਿਲਾਂ, ਉਨ੍ਹਾਂ ਨੇ ਜ਼ਮੀਨ ‘ਤੇ ਲੰਮੇ ਪੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਣਾਮ ਕੀਤਾ।
ਪਦਮ ਵਿਭੂਸ਼ਣ ਲਈ ਕੁੱਲ ਪੰਜ ਸ਼ਖਸੀਅਤਾਂ ਦੇ ਨਾਵਾਂ ਦੀ ਚੋਣ ਕੀਤੀ ਗਈ। ਇਸ ਵਿੱਚੋਂ ਸਵਰਗੀ ਅਦਾਕਾਰ ਧਰਮਿੰਦਰ ਨੂੰ ਕਲਾ ਦੇ ਖੇਤਰ ਵਿੱਚ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਡਾ. ਐੱਨ. ਰਾਜਮ ਨੂੰ ਭਾਰਤੀ ਸ਼ਾਸਤਰੀ ਸੰਗੀਤ ਵਿੱਚ ‘ਗਾਇਕੀ ਅੰਗ ਸ਼ੈਲੀ’ ਰਾਹੀਂ ਵਾਇਲਨ ਵਾਦਨ ਵਿੱਚ ਕ੍ਰਾਂਤੀਕਾਰੀ ਯੋਗਦਾਨ ਅਤੇ ਸੰਗੀਤ ਸਿੱਖਿਆ ਤੇ ਪ੍ਰਦਰਸ਼ਨ ਦੇ ਖੇਤਰ ਵਿੱਚ ਉਨ੍ਹਾਂ ਦੇ ਉੱਤਮ ਕਾਰਜਾਂ ਲਈ ਪਦਮ ਵਿਭੂਸ਼ਣ 2026 ਨਾਲ ਸਨਮਾਨਿਤ ਕੀਤਾ ਹੈ।
ਕਮਿਊਨਿਸਟ ਨੇਤਾ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀਐਸ ਅਚਿਊਤਾਨੰਦਨ, ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇਟੀ ਥਾਮਸ ਅਤੇ ਪੀ ਨਾਰਾਇਣ ਨੂੰ ਅਜੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤੇ ਜਾਣਾ ਬਾਕੀ ਹੈ।
ਮਸ਼ਹੂਰ ਗਾਇਕਾ ਅਲਕਾ ਯਾਗਨਿਕ, ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ ਸਮੇਤ 13 ਸ਼ਖਸੀਅਤਾਂ ਨੂੰ ਪਦਮ ਭੂਸ਼ਣ ਸਨਮਾਨ ਲਈ ਚੁਣਿਆ ਗਿਆ ਹੈ। ਇਹਨਾਂ ਵਿੱਚੋਂ ਕੁਝ ਨੂੰ ਸਨਮਾਨਿਤ ਕੀਤਾ ਗਿਆ ਹੈ। ਬਾਕੀ ਬਚੇ ਲੋਕਾਂ ਨੂੰ ਅਗਲੇ ਪੜਾਅ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਲਾ ਦੇ ਖੇਤਰ ਵਿੱਚ ਵਿਗਿਆਪਨ (ਐਡਵਰਟਾਈਜ਼ਿੰਗ) ਜਗਤ ਦੇ ਦਿੱਗਜ, ਸਵਰਗੀ ਪੀਯੂਸ਼ ਪਾਂਡੇ ਨੂੰ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੀ ਪਤਨੀ ਨੀਤਾ ਜੋਸ਼ੀ ਨੇ ਇਹ ਸਨਮਾਨ ਪ੍ਰਾਪਤ ਕੀਤਾ।
ਵੀ.ਕੇ. ਮਲਹੋਤਰਾ ਨੂੰ ਮਰਨ ਉਪਰੰਤ ਪਬਲਿਕ ਅਫੇਅਰਜ਼ (ਜਨਤਕ ਮਾਮਲਿਆਂ) ਦੇ ਖੇਤਰ ਵਿੱਚ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੇ ਬੇਟੇ ਅਜੇ ਕੁਮਾਰ ਮਲਹੋਤਰਾ ਨੂੰ ਦਿੱਤਾ ਗਿਆ।ਸ਼ਤਾਵਧਾਨੀ ਆਰ. ਗਣੇਸ਼ ਨੂੰ ਕਲਾ ਦੇ ਖੇਤਰ ਵਿੱਚ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ, ਕੱਲੀਪੱਟੀ ਰਾਮਾਸਾਮੀ ਪਲਾਨੀਸਵਾਮੀ ਨੂੰ ਮੈਡੀਸਨ ਦੇ ਖੇਤਰ ਵਿੱਚ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ।

