ਮੈਕਸੀਕੋ ਸਿਟੀ : ਲੈਟਿਨ ਅਮਰੀਕੀ ਦੇਸ਼ ਮੈਕਸੀਕੋ ਵਿੱਚ ਗੈਂਗਵਾਰ ਅਤੇ ਹਿੰਸਾ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਮੈਕਸੀਕੋ ਦੇ ਮੱਧ ਹਿੱਸੇ ਵਿੱਚ ਸਥਿਤ ਪਿਊਬਲਾ ਰਾਜ ਤੋਂ ਇੱਕ ਬੇਹੱਦ ਦਿਲ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਥੇ ਪਿਊਬਲਾ ਵਿੱਚ ਹਥਿਆਰਬੰਦ ਵਿਅਕਤੀ ਨੇ 10 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੈਕਸੀਕੋ ਦੇ ਪੂਰਬੀ-ਮੱਧ ਰਾਜ ਪਿਊਬਲਾ ਦੇ ਤੇਹੁਇਤਜ਼ਿੰਗੋ ਕਸਬੇ ਵਿੱਚ ਇਹ ਘਟਨਾ ਵਾਪਰੀ ਹੈ। ਇੱਥੇ ਬੰਦੂਕਧਾਰੀਆਂ ਦੇ ਹਮਲੇ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ।ਪਿਊਬਲਾ ਦੀ ਪਬਲਿਕ ਸੇਫਟੀ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਰਨ ਵਾਲਿਆਂ ਵਿੱਚ ਛੇ ਮਰਦ, ਤਿੰਨ ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ। ਜਾਣਕਾਰੀ ਮੁਤਾਬਕ ਸੰਘੀ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।
ਪਿਊਬਲਾ ਸਰਕਾਰ ਨੇ ਕਿਹਾ ਕਿ ਪੀੜਤਾਂ ‘ਤੇ ਹਥਿਆਰਬੰਦ ਦੁਆਰਾ ਹਮਲਾ ਕੀਤਾ ਗਿਆ ਸੀ। ਹਾਲੇ ਤੱਕ ਕਿਸੇ ਵੀ ਗ੍ਰਿਫ਼ਤਾਰੀ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਮਲੇ ਦੇ ਕਾਰਨਾਂ ਦਾ ਵੀ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਪਿਊਬਲਾ ਦੇ ਗਵਰਨਰ ਅਲੇਜਾਂਦਰੋ ਅਰਮੈਂਟਾ ਨੇ ਵੀ ਹਾਲੇ ਤੱਕ ਇਸ ਘਟਨਾ ‘ਤੇ ਕੋਈ ਬਿਆਨ ਨਹੀਂ ਦਿੱਤਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫਰਵਰੀ ਵਿੱਚ ਪਿਊਬਲਾ ਰਾਜ ਦੇ ਇੱਕ ਹੋਰ ਸ਼ਹਿਰ ਹਿਊਹੁਏਤਲਾਨ ਐਲ ਗ੍ਰਾਂਡੇ ਵਿੱਚ ਛੇ ਲੋਕ ਮਾਰੇ ਗਏ ਸਨ। ਇਸ ਘਟਨਾ ਦੇ ਕੁਝ ਹੀ ਦਿਨਾਂ ਬਾਅਦ, ਪਿਊਬਲਾ ਦੀ ਰਾਜਧਾਨੀ ਵਿੱਚ ਇੱਕ ਵਾਹਨ ‘ਤੇ ਹੋਏ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਮਾਮਲੇ ਦੀ ਜਾਂਚ ਵਿੱਚ ਨੈਸ਼ਨਲ ਗਾਰਡ, ਰਾਜ ਦਾ ਅਟਾਰਨੀ ਜਨਰਲ ਦਫ਼ਤਰ, ਰਾਜ ਅਤੇ ਸਥਾਨਕ ਪੁਲਿਸ ਦੇ ਨਾਲ-ਨਾਲ ਖੁਫ਼ੀਆ ਟੀਮਾਂ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਦੇ ਪਿੱਛੇ ਕੌਣ ਹੈ, ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮੱਧ ਮੈਕਸੀਕੋ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਕਾਰਟੇਲ ਹਿੰਸਾ ਵਿੱਚ ਤੇਜ਼ੀ ਆਈ ਹੈ, ਜਿਸ ਕਾਰਨ ਸੈਂਕੜੇ ਪਰਿਵਾਰਾਂ ਨੂੰ ਆਪਣੇ ਘਰ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

