ਵਿੰਨੀਪੈਗ ‘ਚ ਅੰਮ੍ਰਿਤਧਾਰੀ ਨੌਜਵਾਨ ਨਾਲ ਧੱਕਾ, ਕ੍ਰਿਪਾਨ ਪਹਿਨਣ ਕਰਕੇ ਪੁਲਿਸ ਪ੍ਰੀਖਿਆ ‘ਚ ਬੈਠਣ ਤੋਂ ਰੋਕਿਆ

Global Team
3 Min Read

ਵਿੰਨੀਪੈਗ: ਵਿੰਨੀਪੈਗ ਵਿੱਚ ਰਹਿੰਦੇ ਅੰਮ੍ਰਿਤਧਾਰੀ ਨੌਜਵਾਨ ਜਸਪਾਲ ਸਿੰਘ ਗਿੱਲ ਦਾ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਉਸ ਵੇਲੇ ਟੁੱਟ ਗਿਆ, ਜਦੋਂ ਉਸ ਨੂੰ ਸਿਰਫ਼ ਕ੍ਰਿਪਾਨ ਪਹਿਨਣ ਕਾਰਨ ਲਿਖਤੀ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਮਿਲੀ।

ਜਸਪਾਲ ਸਿੰਘ, ਜੋ 2021 ਵਿੱਚ ਭਾਰਤ ਤੋਂ ਕੈਨੇਡਾ ਆਇਆ ਸੀ ਅਤੇ 2024 ਵਿੱਚ ਪੱਕਾ ਹੋਇਆ, ਕਾਫੀ ਸਮੇਂ ਤੋਂ ਪੁਲਿਸ ਭਰਤੀ ਦੀ ਤਿਆਰੀ ਕਰ ਰਿਹਾ ਸੀ। ਉਸਦਾ ਕਹਿਣਾ ਹੈ ਕਿ ਉਸ ਨੇ ਵਿੰਨੀਪੈਗ ਪੁਲਿਸ ਦੀ ਪ੍ਰੀਖਿਆ ਦੇਣ ਲਈ ਪੂਰੀ ਤਿਆਰੀ ਕੀਤੀ ਸੀ, ਪਰ ਜਦੋਂ ਉਹ ਪ੍ਰੀਖਿਆ ਦੇਣ ਪਹੁੰਚਿਆ ਤਾਂ ਅਧਿਕਾਰੀ ਨੇ ਉਸ ਨੂੰ ਕ੍ਰਿਪਾਨ ਉਤਾਰਣ ਲਈ ਕਿਹਾ।

ਜਸਪਾਲ ਸਿੰਘ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰੀਖਿਆ ਦੇਣ ਦੀ ਬਜਾਏ ਉੱਥੋਂ ਵਾਪਸ ਆ ਗਿਆ। ਉਸ ਨੇ ਕਿਹਾ ਕਿ ਇਹ ਉਸ ਨਾਲ ਸਿੱਧਾ ਭੇਦਭਾਵ ਹੈ ਕਿਉਂਕਿ ਹੋਰ ਸਾਰੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਪਰ ਉਸ ਨੂੰ ਨਹੀਂ।

ਦੂਜੇ ਪਾਸੇ, ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਉਮੀਦਵਾਰ ਨੂੰ ਕ੍ਰਿਪਾਨ ਸੁਰੱਖਿਅਤ ਰੱਖਣ ਦੀ ਸਹੂਲਤ ਦਿੱਤੀ ਗਈ ਸੀ, ਪਰ ਉਸ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪ੍ਰੀਖਿਆ ਇੱਕ ਸੁਰੱਖਿਅਤ ਇਲਾਕੇ ਵਿੱਚ ਹੁੰਦੀ ਹੈ ਅਤੇ ਸਭ ਦੀ ਸੁਰੱਖਿਆ ਯਕੀਨੀ ਬਣਾਉਣੀ ਜ਼ਰੂਰੀ ਹੈ। ਨਾਲ ਹੀ, ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਵਿਭਾਗ ਹਰ ਧਰਮ ਦੇ ਲੋਕਾਂ ਦਾ ਸਵਾਗਤ ਕਰਦਾ ਹੈ ਅਤੇ ਸੰਭਵ ਹੋਣ ‘ਤੇ ਧਾਰਮਿਕ ਮਾਮਲਿਆਂ ਦਾ ਆਦਰ ਕੀਤਾ ਜਾਂਦਾ ਹੈ।

ਜਸਪਾਲ ਸਿੰਘ ਨੇ ਇਸ ਕਾਰਵਾਈ ਨੂੰ ਆਪਣੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਅਤੇ 2006 ਦੇ ਕੈਨੇਡਾ ਦੀ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਤੋਂ ਰੋਕਣਾ ਧਾਰਮਿਕ ਆਜ਼ਾਦੀ ਦੇ ਖਿਲਾਫ਼ ਹੈ। ਉਸ ਨੇ ਇਹ ਵੀ ਕਿਹਾ ਕਿ ਕ੍ਰਿਪਾਨ ਇੱਕ ਧਾਰਮਿਕ ਚਿੰਨ੍ਹ ਹੈ, ਨਾ ਕਿ ਹਥਿਆਰ।

ਉਸ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਕਾਨੂੰਨੀ ਅਰਜ਼ੀ ਦੇ ਚੁੱਕਾ ਹੈ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਕਰਨ ਬਾਰੇ ਵੀ ਸੋਚ ਰਿਹਾ ਹੈ।

ਇਸ ਮਾਮਲੇ ‘ਤੇ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਇਕ ਵਿਦਵਾਨ ਨੀਲ ਮੈਕਆਰਥਰ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਪਿਛਲੇ ਫੈਸਲੇ ਨੂੰ ਵੇਖਦਿਆਂ ਜਸਪਾਲ ਸਿੰਘ ਦਾ ਪੱਖ ਮਜ਼ਬੂਤ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਕੂਲਾਂ ਵਿੱਚ ਵੀ ਕ੍ਰਿਪਾਨ ਦੀ ਇਜਾਜ਼ਤ ਹੈ ਤਾਂ ਪ੍ਰੀਖਿਆ ਵਾਲੀ ਥਾਂ ‘ਤੇ ਰੋਕ ਲਗਾਉਣ ਦੀ ਵਜ੍ਹਾ ਸਮਝ ਨਹੀਂ ਆਉਂਦੀ।

Share This Article
Leave a Comment