ਨਿਊਜ਼ ਡੈਸਕ: ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ ਦੇ ਲੋਕ ਹੁਣ ਭੀਖ ਮੰਗਣ ‘ਤੇ ਉੱਤਰ ਆਏ ਹਨ। ਗੁਆਂਢ ਮੁਲਕ ‘ਚ ਆਰਥਿਕ ਮੰਦੀ ਦੀ ਸਥਿਤੀ ਇਹ ਹੈ ਕਿ ਪਾਕਿਸਤਾਨ ਦੇ ਨਾਗਰਿਕ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਜਾ ਕੇ ਭੀਖ ਮੰਗ ਰਹੇ ਹਨ। ਬਦਨਾਮੀ ਤੋਂ ਬਚਣ ਲਈ ਪਾਕਿਸਤਾਨ ਸਰਕਾਰ ਨੇ ਹੁਣ ਭਿਖਾਰੀਆਂ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਵਿਦੇਸ਼ਾਂ ਵਿੱਚ ਭੀਖ ਮੰਗਣ ਵਾਲਿਆਂ ਦੇ ਪਾਸਪੋਰਟ ਰੱਦ ਕਰ ਰਹੀ ਹੈ।
ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸਰਕਾਰ ਨੇ 2,000 ਤੋਂ ਵੱਧ ਪੇਸ਼ੇਵਰ ਭਿਖਾਰੀਆਂ ਦੇ ਪਾਸਪੋਰਟ 7 ਸਾਲਾਂ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਸਾਰੇ ਭੀਖ ਮੰਗਣ ਲਈ ਵਿਦੇਸ਼ ਜਾ ਕੇ ਦੇਸ਼ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਸੂਚੀ ਵਿਸ਼ਵ ਪੱਧਰ ‘ਤੇ ਪਾਕਿਸਤਾਨੀ ਦੂਤਾਵਾਸਾਂ ਤੋਂ ਇਕੱਠੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਵੀ ਵੇਰਵੇ ਮੰਗੇ ਗਏ ਹਨ। ਸਰਕਾਰ ਨੇ ਕਿਹਾ ਕਿ ਵਿਦੇਸ਼ਾਂ ‘ਚ ਭੀਖ ਮੰਗਣ ਨਾਲ ਨਾ ਸਿਰਫ ਪਾਕਿਸਤਾਨ ਦੀ ਸਾਖ ਨੂੰ ਨੁਕਸਾਨ ਪਹੁੰਚਦਾ ਹੈ ਸਗੋਂ ਇਸ ਦੇ ਨਾਗਰਿਕਾਂ ਦੀ ਇੱਜ਼ਤ ਵੀ ਘਟਦੀ ਹੈ।
ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਰਕਾਰ ਵਿਦੇਸ਼ਾਂ ‘ਚ ਭੀਖ ਮੰਗਣ ਵਾਲੇ ਲੋਕਾਂ ਦੀ ਮਦਦ ਕਰਨ ਵਾਲੇ ਏਜੰਟਾਂ ਦੇ ਪਾਸਪੋਰਟ ਵੀ ਰੱਦ ਕਰਨ ਦਾ ਇਰਾਦਾ ਰੱਖਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਭਿਖਾਰੀ ਤੀਰਥ ਯਾਤਰਾ ਜਾਂ ਉਮਰਾਹ ਲਈ ਸਾਊਦੀ ਅਰਬ, ਈਰਾਨ ਅਤੇ ਇਰਾਕ ਵਰਗੀਆਂ ਥਾਵਾਂ ‘ਤੇ ਜਾਂਦੇ ਹਨ ਤਾਂ ਜੋ ਉਹ ਭੀਖ ਮੰਗ ਸਕਣ।