Assembly Election: ਅਸਾਮ, ਕੇਰਲ ਅਤੇ ਪੁਡੂਚੇਰੀ ‘ਚ ਵੋਟਿੰਗ ਸ਼ੁਰੂ; ਸੁਰੱਖਿਆ ਦੇ ਪੁਖਤਾ ਇੰਤਜ਼ਾਮ

Global Team
3 Min Read

ਨਵੀ ਦਿੱਲੀ : ਦੇਸ਼ ਦੇ ਤਿੰਨ ਰਾਜਾਂ ਅਸਾਮ, ਕੇਰਲ ਅਤੇ ਪੁਡੂਚੇਰੀ ਦੀਆਂ 296 ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ , ਜੋ ਸ਼ਾਮ 5 ਵਜੇ ਤੱਕ ਚੱਲੇਗੀ। ਵੋਟਾਂ ਦੀ ਗਿਣਤੀ 4 ਮਈ ਨੂੰ ਕੀਤੀ ਜਾਵੇਗੀ। ਵੋਟਿੰਗ ਨੂੰ ਲੈ ਕੇ ਇਨ੍ਹਾਂ ਤਿੰਨਾਂ ਹੀ ਰਾਜਾਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਅੱਜ ਸਵੇਰੇ 6 ਵਜੇ ਤੋਂ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਅਧਿਕਾਰੀਆਂ ਨੇ ਮੌਕ ਪੋਲਿੰਗ ਕੀਤੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਈਵੀਐਮ ਵਿੱਚ ਕੋਈ ਖਰਾਬੀ ਤਾਂ ਨਹੀਂ ਹੈ। ਤਿੰਨਾਂ ਰਾਜਾਂ ਵਿੱਚ ਲਗਭਗ 10 ਲੱਖ ਤੋਂ ਵੱਧ ਵੋਟਰ ਪਹਿਲੀ ਵਾਰ ਵੋਟ ਪਾਉਣਗੇ।

ਕੇਰਲਮ ਵਿੱਚ 70 ਸਾਲਾਂ ਵਿੱਚ ਪਹਿਲੀ ਵਾਰ ਕੋਈ ਮੁੱਖ ਮੰਤਰੀ ਹੈਟ੍ਰਿਕ ਲਈ ਚੋਣ ਲੜ ਰਿਹਾ ਹੈ। ਅਸਾਮ ਵਿੱਚ ਭਾਜਪਾ ਹਿਮੰਤਾ ਬਿਸਵਾ ਸਰਮਾ ਦੇ ਸਹਾਰੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਅ ਖੇਡ ਰਹੀ ਹੈ। ਜਦਕਿ ਪੁਡੂਚੇਰੀ ਵਿੱਚ ਕਾਂਗਰਸ ਤੋਂ ਵੱਖ ਹੋਏ ਐੱਨ. ਰੰਗਾਸਾਮੀ ਪੰਜਵੀਂ ਵਾਰ ਸੱਤਾ ‘ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਅਸਾਮ ਦੀਆਂ 126 ਸੀਟਾਂ ‘ਤੇ 41 ਪਾਰਟੀਆਂ ਦੇ 722 ਉਮੀਦਵਾਰ ਚੋਣ ਲੜ ਰਹੇ ਹਨ। ਉੱਥੇ ਹੀ ਕੇਰਲਮ ਵਿੱਚ 2.71 ਕਰੋੜ ਵੋਟਰ 890 ਉਮੀਦਵਾਰਾਂ ਵਿੱਚੋਂ ਆਪਣਾ ਆਗੂ ਚੁਣਨਗੇ। ਪੁਡੂਚੇਰੀ ਵਿੱਚ 20 ਪਾਰਟੀਆਂ ਦੇ 294 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ।

ਅਸਾਮ ਵਿਧਾਨ ਸਭਾ ਚੋਣਾਂ ਵਿੱਚ ਕੁੱਲ 722 ਉਮੀਦਵਾਰਾਂ ‘ਚ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ, ਕਾਂਗਰਸ ਪ੍ਰਦੇਸ਼ ਪ੍ਰਧਾਨ ਗੌਰਵ ਗੋਗੋਈ, ਵਿਰੋਧੀ ਧਿਰ ਦੇ ਨੇਤਾ ਦੇਬਬ੍ਰਤ ਸੈਕੀਆ, ਏ.ਆਈ.ਯੂ.ਡੀ.ਐਫ. (AIUDF) ਮੁਖੀ ਬਦਰੂਦੀਨ ਅਜਮਲ, ਰਾਈਜ਼ਰ ਦਲ ਦੇ ਨੇਤਾ ਅਖਿਲ ਗੋਗੋਈ ਅਤੇ ਏ.ਜੇ.ਪੀ. ਪ੍ਰਧਾਨ ਲੁਰਿਨਜੋਤੀ ਗੋਗੋਈ ਵਰਗੇ ਵੱਡੇ ਚਿਹਰੇ ਸ਼ਾਮਲ ਹਨ।

ਸੂਬੇ ਦੇ 35 ਜ਼ਿਲ੍ਹਿਆਂ ਵਿੱਚ ਕੁੱਲ 31,490 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿੱਥੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਇਸ ਚੋਣ ਵਿੱਚ 2.50 ਕਰੋੜ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ ਲਗਭਗ 1.25 ਕਰੋੜ ਔਰਤਾਂ ਅਤੇ 318 ਥਰਡ ਜੈਂਡਰ ਵੋਟਰ ਸ਼ਾਮਲ ਹਨ।

ਓਧਰ, ਕੇਰਲ ਦੇ ਉਲੂਰ ਕੋਟਾਰਮ ਵਿੱਚ ਪੋਲਿੰਗ ਬੂਥ 215 ਦੇ ਪ੍ਰੀਜ਼ਾਈਡਿੰਗ ਅਫ਼ਸਰ ਮਿਥੁਨ ਐੱਚ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੋਲਿੰਗ ਬੂਥ ਨੂੰ ਸਜਾਇਆ ਗਿਆ ਹੈ, ਜੋ ਕਿ ਇੱਕ ਨਵੀਂ ਪਹਿਲਕਦਮੀ ਦਾ ਹਿੱਸਾ ਹੈ। ਬੂਥ ਦੇ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਸੁਰੱਖਿਆ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਿਰਧਾਰਿਤ ਬੈਗਾਂ ਵਿੱਚ ਵੋਟਰਾਂ ਦੇ ਫ਼ੋਨ ਜਮ੍ਹਾਂ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਮੌਕ ਪੋਲਿੰਗ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਗਈ ਹੈ ਅਤੇ VVPAT ਬਿਲਕੁਲ ਠੀਕ ਕੰਮ ਕਰ ਰਿਹਾ ਹੈ। ਸਾਰੇ ਉਮੀਦਵਾਰਾਂ ਦੇ ਏਜੰਟਾਂ ਨੂੰ ਸਪੱਸ਼ਟ ਤੌਰ ‘ਤੇ ਜਾਣਕਾਰੀ ਦੇ ਦਿੱਤੀ ਗਈ ਹੈ।

Share This Article
Leave a Comment