ਮੈਲਬੌਰਨ: ਆਸਟ੍ਰੇਲੀਆ ਵਿੱਚ ਇੱਕ ਭਾਰਤੀ ਸਿੱਖ ‘ਤੇ ਨਸਲੀ ਹਮਲਾ ਹੋਇਆ ਹੈ। ਜਿਲੌਂਗ ਸ਼ਹਿਰ ਵਿੱਚ 22 ਸਾਲਾ ਹਰਮਨਪ੍ਰੀਤ ਸਿੰਘ ਨੂੰ ਤਿੰਨ ਵਿਅਕਤੀਆਂ ਨੇ ਘੇਰ ਕੇ ਪ੍ਰੇਸ਼ਾਨ ਕੀਤਾ। ਇਸ ਦੌਰਾਨ ਇੱਕ ਵਿਅਕਤੀ ਨੇ ਆਪਣੇ ਸਿਰ ਨਾਲ ਹਰਮਨਪ੍ਰੀਤ ਦੀ ਨੱਕ ‘ਤੇ ਵਾਰ ਵੀ ਕੀਤਾ, ਜਿਸ ਕਾਰਨ ਖੂਨ ਵਹਿਣ ਲੱਗਾ। ਹਮਲਾਵਰਾਂ ਨੇ ਹਰਮਨਪ੍ਰੀਤ ਨੂੰ ‘ਇੰਡੀਅਨ ਡੌਗ’ ਕਿਹਾ ਅਤੇ ਗਾਲ੍ਹਾਂ ਵੀ ਕੱਢੀਆਂ। ਇਸ ਘਟਨਾ ਤੋਂ ਬਾਅਦ ਸਿੱਖ ਪਰਿਵਾਰ ਦਹਿਸ਼ਤ ਵਿੱਚ ਹੈ।

ਇਹ ਘਟਨਾ ਮੰਗਲਵਾਰ ਰਾਤ ਨੂੰ ਕੋਰੀਓ ਇਲਾਕੇ ਦੇ ਇੱਕ ਜਿਮ ਵਿੱਚ ਵਾਪਰੀ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹਰਮਨਪ੍ਰੀਤ ਜਿਮ ਵਿੱਚ ਕਸਰਤ ਕਰਕੇ ਬਾਹਰ ਨਿਕਲਿਆ। ਹਰਮਨਪ੍ਰੀਤ ਨੇ ਦੱਸਿਆ ਕਿ ਜਦੋਂ ਉਹ ਜਿਮ ਦੇ ਅੰਦਰ ਸਨ, ਉਦੋਂ ਤੋਂ ਹੀ ਉਨ੍ਹਾਂ ‘ਤੇ ਫ਼ਜ਼ੂਲ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ, ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਤਿੰਨੇ ਵਿਅਕਤੀ ਬਾਹਰ ਜਾ ਕੇ ਉਨ੍ਹਾਂ ਦਾ ਇੰਤਜ਼ਾਰ ਕਰਨ ਲੱਗੇ।
ਜਦੋਂ ਹਰਮਨਪ੍ਰੀਤ ਜਿਮ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਹਰਮਨਪ੍ਰੀਤ ਨੂੰ ਘੇਰ ਲਿਆ ਅਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਚਿੱਟੀ ਟੀ-ਸ਼ਰਟ ਪਾਏ ਇੱਕ ਭਾਰੀ ਸਰੀਰ ਵਾਲੇ ਗੋਰੇ ਵਿਅਕਤੀ ਨੇ ਹਰਮਨਪ੍ਰੀਤ ਲਈ ਅਭੱਦਰ ਭਾਸ਼ਾ ਦੀ ਵਰਤੋਂ ਕੀਤੀ। ਹਰਮਨਪ੍ਰੀਤ ਸਿੰਘ ਨੇ ਆਪਣੀ ਆਪਬੀਤੀ ਦੱਸਦਿਆਂ ਕਿਹਾ ਕਿ ਹਮਲਾਵਰ ਉਸ ਦੇ ਚਿਹਰੇ ਦੇ ਬਿਲਕੁਲ ਕਰੀਬ ਆ ਗਿਆ ਅਤੇ ਅਚਾਨਕ ਆਪਣੇ ਸਿਰ ਨਾਲ ਉਸ ਦੀ ਨੱਕ ‘ਤੇ ਵਾਰ ਕਰ ਦਿੱਤਾ। ਇਸ ਕਾਰਨ ਉਸ ਦੀ ਨੱਕ ਵਿੱਚੋਂ ਖ਼ੂਨ ਵਹਿਣ ਲੱਗ ਪਿਆ।
ਆਸ ਪਾਸ ਦੇ ਲੋਕਾਂ ਨੇ ਹਰਮਨਪ੍ਰੀਤ ਨੂੰ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਹਰਮਨਪ੍ਰੀਤ ਨੂੰ ਸਰਜਰੀ ਕਰਵਾਉਣੀ ਪੈ ਸਕਦੀ ਹੈ। ਆਸਟ੍ਰੇਲੀਆਈ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਨੇ ਕਿਹਾ ਕਿ ਉਹ ਇਸ ਘਟਨਾ ਕਾਰਨ ਅਜੇ ਵੀ ਸਦਮੇ ਵਿੱਚ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

