ਈਰਾਨ ‘ਚ ਹੁਣ ਵੀਜ਼ਾ ਫ੍ਰੀ ਐਂਟਰੀ ਨਹੀਂ ਕਰ ਸਕਣਗੇ ਭਾਰਤੀ, ਪੜ੍ਹੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ?

Global Team
2 Min Read

ਨਿਊਜ਼ ਡੈਸਕ : ਮੁਸਲਿਮ ਦੇਸ਼ ਈਰਾਨ ਨੇ ਭਾਰਤੀਆਂ ਲਈ ਵੀਜ਼ਾ ਸੰਬੰਧੀ ਇੱਕ ਵੱਡਾ ਐਲਾਨ ਕੀਤਾ ਹੈ। ਈਰਾਨ ਨੇ ਮਿਆਰੀ ਭਾਰਤੀ ਪਾਸਪੋਰਟ ਧਾਰਕਾਂ ਲਈ ਵੀਜ਼ਾ-ਮੁਕਤ (ਵੀਜ਼ਾ ਛੋਟ) ਸੁਵਿਧਾ ਨੂੰ ਮੁਅੱਤਲ ਕਰ ਦਿੱਤਾ ਹੈ। ਈਰਾਨ ਸਰਕਾਰ ਨੇ 22 ਨਵੰਬਰ ਤੋਂ ਭਾਰਤੀ ਨਾਗਰਿਕਾਂ ਲਈ ਵੀਜ਼ਾ-ਮੁਕਤ ਪ੍ਰਵੇਸ਼ ਮੁਅੱਤਲ ਕੀਤਾ ਹੈ। ਆਮ ਪਾਸਪੋਰਟ ਵਾਲੇ ਭਾਰਤੀ ਨਾਗਰਿਕਾਂ ਨੂੰ ਹੁਣ ਈਰਾਨ ਦੀ ਯਾਤਰਾ ਕਰਨ ਜਾਂ ਇਸ ਰਾਹੀਂ ਲੰਘਣ ਲਈ ਵੀਜ਼ਾ ਪ੍ਰਾਪਤ ਕਰਨ ਦੀ ਲੋੜ ਹੋਵੇਗੀ।

ਭਾਰਤੀ ਵਿਦੇਸ਼ ਮੰਤਰਾਲੇ (MEA) ਦੇ ਅਨੁਸਾਰ, ਹਾਲ ਹੀ ਦੇ ਮਹੀਨਿਆਂ ਵਿੱਚ ਕਈ ਭਾਰਤੀਆਂ ਨੂੰ ਜਾਅਲੀ ਨੌਕਰੀਆਂ, ਜਾਂ ਕਿਸੇ ਤੀਜੇ ਦੇਸ਼ ਵਿੱਚ ਪਹੁੰਚਾਉਣ ਦੇ ਬਹਾਨੇ ਈਰਾਨ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨਾਲ ਧੋਖਾਧੜੀ ਅਤੇ ਜਬਰਦਸਤੀ ਕੀਤੀ ਗਈ ਹੈ। ਜਿਸ ਕਾਰਨ ਇਹ ਵੱਡਾ ਕਦਮ ਚੁੱਕਿਆ ਗਿਆ ਹੈ।

ਵਿਦੇਸ਼ ਮੰਤਰਾਲੇ (MEA) ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਸਰਕਾਰ ਦਾ ਧਿਆਨ ਅਜਿਹੇ ਕਈ ਮਾਮਲਿਆਂ ਵੱਲ ਗਿਆ ਹੈ ਜਿਨ੍ਹਾਂ ਵਿੱਚ ਭਾਰਤੀ ਨਾਗਰਿਕਾਂ ਨੂੰ ਨੌਕਰੀ ਦੇ ਝੂਠੇ ਬਹਾਨੇ ਜਾਂ ਤੀਜੇ ਦੇਸ਼ਾਂ ਵਿੱਚ ਤਬਦੀਲ ਕਰਨ ਦੇ ਤਹਿਤ ਈਰਾਨ ਲਿਜਾਇਆ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਕਿੰਨੇ ਭਾਰਤੀਆਂ ਨੂੰ ਵੀਜ਼ਾ ਛੋਟ ਸਹੂਲਤ ਦੀ ਵਰਤੋਂ ਕਰਕੇ ਈਰਾਨ ਪਹੁੰਚਣ ਲਈ ਧੋਖਾ ਦਿੱਤਾ ਗਿਆ ਅਤੇ ਉੱਥੇ ਪਹੁੰਚਣ ‘ਤੇ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਫਿਰੌਤੀ ਲਈ ਅਗਵਾ ਕਰ ਲਿਆ ਗਿਆ। ਮੰਤਰਾਲੇ ਨੇ ਕਿਹਾ ਕਿ ਬਹੁਤ ਸਾਰੇ ਏਜੰਟ ਭਾਰਤੀ ਨੌਜਵਾਨਾਂ ਨੂੰ ਰੁਜ਼ਗਾਰ ਜਾਂ ਵਿਦੇਸ਼ ਭੇਜਣ ਦਾ ਭਰੋਸਾ ਦੇ ਕੇ ਈਰਾਨ ਭੇਜਦੇ ਸਨ। ਵਿਦੇਸ਼ ਮੰਤਰਾਲੇ (MEA) ਨੇ ਕਿਹਾ ਕਿ ਈਰਾਨੀ ਸਰਕਾਰ ਨੇ ਆਮ ਭਾਰਤੀ ਪਾਸਪੋਰਟ ਧਾਰਕਾਂ ਲਈ “ਵੀਜ਼ਾ ਛੋਟ ਸਹੂਲਤ ਨੂੰ ਮੁਅੱਤਲ” ਕਰ ਦਿੱਤਾ ਹੈ, ਜੋ ਕਿ 22 ਨਵੰਬਰ, 2025 ਤੋਂ ਲਾਗੂ ਹੋਵੇਗੀ।

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਵਿੱਚ ਧੋਖਾਧੜੀ ਵਾਲੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਬਾਰੇ ਸਾਵਧਾਨ ਕੀਤਾ ਹੋਵੇ। ਵਿਦੇਸ਼ ਮੰਤਰਾਲੇ ਨੇ ਬੀਤੇ ਸਤੰਬਰ ਮਹੀਨੇ ਵੀ ਇੱਕ ਐਡਵਾਇਜ਼ਰੀ ਜਾਰੀ ਕੀਤੀ ਸੀ। ਜਦ ਈਰਾਨ ਵਿੱਚ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਦੇ ਬਹਾਨੇ ਕਈ ਭਾਰਤੀਆਂ ਨੂੰ ਅਗਵਾ ਕੀਤੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ, ਵਿਦੇਸ਼ ਮੰਤਰਾਲੇ (MEA) ਨੇ ਭਾਰਤੀ ਨਾਗਰਿਕਾਂ ਨੂੰ “ਬਹੁਤ ਸਾਵਧਾਨੀ” ਵਰਤਣ ਅਤੇ ਅਜਿਹੇ ਜਾਲ ਵਿੱਚ ਨਾ ਫਸਣ ਦੀ ਸਲਾਹ ਦਿੱਤੀ ਸੀ।

 

Share This Article
Leave a Comment