ਨਿਊਜ਼ ਡੈਸਕ: ਰੂਸ ਦੇ ਉਫਾ ਸ਼ਹਿਰ ਵਿੱਚ 19 ਦਿਨ ਪਹਿਲਾਂ ਲਾਪਤਾ ਹੋਏ 22 ਸਾਲਾ ਭਾਰਤੀ ਵਿਦਿਆਰਥੀ ਅਜੀਤ ਸਿੰਘ ਚੌਧਰੀ ਦੀ ਲਾਸ਼ ਵੀਰਵਾਰ 6 ਨਵੰਬਰ ਨੂੰ ਵਾਈਟ ਨਦੀ ਨਾਲ ਲੱਗਦੇ ਇੱਕ ਡੈਮ ਵਿੱਚੋਂ ਬਰਾਮਦ ਕੀਤੀ ਗਈ ਹੈ । ਅਜੀਤ ਮੂਲ ਰੂਪ ਵਿੱਚ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਥਾਣੇ ਅਧੀਨ ਕਫ਼ਨਵਾੜਾ ਪਿੰਡ ਦਾ ਰਹਿਣ ਵਾਲਾ ਸੀ। ਉਹ 2023 ਵਿੱਚ ਐੱਮਬੀਬੀਐੱਸ ਕਰਨ ਲਈ ਰੂਸ ਗਿਆ ਸੀ ਤੇ ਬਸ਼ਕੀਰ ਸਟੇਟ ਮੈਡੀਕਲ ਯੂਨੀਵਰਸਿਟੀ ਵਿੱਚ ਦਾਖਲ ਸੀ।
19 ਅਕਤੂਬਰ ਨੂੰ ਦੁੱਧ ਲੈਣ ਨਿਕਲਿਆ ਤੇ ਲਾਪਤਾ
ਸੂਤਰਾਂ ਮੁਤਾਬਕ ਅਜੀਤ 19 ਅਕਤੂਬਰ ਸਵੇਰੇ 11 ਵਜੇ ਦੇ ਕਰੀਬ ਹੋਸਟਲ ਤੋਂ ਬੋਲ ਕੇ ਨਿਕਲਿਆ ਕਿ “ਦੁੱਧ ਲੈ ਕੇ ਆਉਂਦਾ ਹਾਂ” ਪਰ ਵਾਪਸ ਨਹੀਂ ਆਇਆ। ਅਲਵਰ ਸਰਸ ਡੇਅਰੀ ਦੇ ਪ੍ਰਧਾਨ ਨਿਤਿਨ ਸਾਂਗਵਾਨ ਨੇ ਦੱਸਿਆ ਕਿ ਲਾਸ਼ ਡੈਮ ਵਿੱਚੋਂ ਮਿਲੀ ਹੈ। ਭਾਰਤੀ ਦੂਤਾਵਾਸ ਨੇ ਅਜੇ ਤੱਕ ਸਰਕਾਰੀ ਬਿਆਨ ਨਹੀਂ ਜਾਰੀ ਕੀਤਾ ਪਰ ਪਰਿਵਾਰ ਨੂੰ ਮੌਤ ਦੀ ਸੂਚਨਾ ਦੇ ਦਿੱਤੀ।
ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਨੇਤਾ ਜਤਿੰਦਰ ਸਿੰਘ ਅਲਵਰ ਨੇ ਦੱਸਿਆ ਕਿ 19 ਦਿਨ ਪਹਿਲਾਂ ਅਜੀਤ ਦੇ ਕੱਪੜੇ, ਮੋਬਾਈਲ ਤੇ ਜੁੱਤੇ ਨਦੀ ਕੰਢੇ ਤੋਂ ਮਿਲੇ ਸਨ। ਉਨ੍ਹਾਂ ਨੂੰ ਸ਼ੱਕ ਸੀ ਕਿ “ਸ਼ੱਕੀ ਹਾਲਾਤਾਂ ਵਿੱਚ ਅਜੀਤ ਨਾਲ ਕੁਝ ਗਲਤ ਵਾਪਰਿਆ ਹੈ।” ਵੀਰਵਾਰ ਨੂੰ ਐੱਕਸ ‘ਤੇ ਪੋਸਟ ਕਰਦਿਆਂ ਉਨ੍ਹਾਂ ਲਿਖਿਆ, “ਕਫ਼ਨਵਾੜਾ ਪਿੰਡ ਨੇ ਮਿਹਨਤ ਨਾਲ ਕਮਾਏ ਪੈਸੇ ਨਾਲ ਅਜੀਤ ਨੂੰ ਡਾਕਟਰ ਬਣਾਉਣ ਰੂਸ ਭੇਜਿਆ ਸੀ। ਅੱਜ ਲਾਸ਼ ਨਦੀ ਵਿੱਚੋਂ ਮਿਲਣ ਦੀ ਖ਼ਬਰ ਦਿਲ ਹਿਲਾ ਦੇਣ ਵਾਲੀ ਹੈ। ਇੱਕ ਹੋਣਹਾਰ ਨੌਜਵਾਨ ਨੂੰ ਸ਼ੱਕੀ ਹਾਲਾਤਾਂ ਵਿੱਚ ਗੁਆ ਦਿੱਤਾ।”
ਆਲ ਇੰਡੀਆ ਮੈਡੀਕਲ ਸਟੂਡੈਂਟਸ ਐਸੋਸੀਏਸ਼ਨ (ਵਿਦੇਸ਼ੀ ਵਿੰਗ) ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਸੰਪਰਕ ਕੀਤਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਅਜੀਤ ਦੇ ਯੂਨੀਵਰਸਿਟੀ ਦੋਸਤਾਂ ਨੇ ਮ੍ਰਿਤਕ ਦੇਹ ਦ ਸ਼ਨਾਖਤ ਕਰ ਲਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

