ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇਗਾ ਭਾਰਤ ਰਤਨ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਐਲਾਨ

Prabhjot Kaur
3 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਡਾ ਐਲਾਨ ਕਰਦਿਆਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਉਨ੍ਹਾਂ ਲਿਖਿਆ ਕਿ ‘ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਲਿਖਿਆ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਮੈਂ ਉਨ੍ਹਾਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਹ ਸਨਮਾਨ ਦਿੱਤੇ ਜਾਣ ‘ਤੇ ਵਧਾਈ ਦਿੱਤੀ।’

- Advertisement -

ਭਾਜਪਾ ਦੇ ਸੀਨੀਅਰ ਨੇਤਾ ਅਤੇ ਦੇਸ਼ ਦੇ ਸੱਤਵੇਂ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦਾ ਜਨਮ 8 ਨਵੰਬਰ, 1927 ਨੂੰ ਕਰਾਚੀ, ਪਾਕਿਸਤਾਨ ਵਿੱਚ ਇੱਕ ਹਿੰਦੂ ਸਿੰਧੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਕਿਸ਼ਨਚੰਦ ਅਡਵਾਨੀ ਅਤੇ ਮਾਤਾ ਦਾ ਨਾਮ ਗਿਆਨੀ ਦੇਵੀ ਹੈ। ਉਹਨਾਂ ਦੇ ਪਿਤਾ ਪੇਸ਼ੇ ਤੋਂ ਇੱਕ ਉਦਯੋਗਪਤੀ ਸਨ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਸੇਂਟ ਪੈਟ੍ਰਿਕ ਹਾਈ ਸਕੂਲ, ਕਰਾਚੀ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਡੀਜੀ ਨੈਸ਼ਨਲ ਸਕੂਲ, ਹੈਦਰਾਬਾਦ, ਸਿੰਧ ਵਿੱਚ ਦਾਖਲਾ ਲਿਆ। ਵੰਡ ਵੇਲੇ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਛੱਡ ਕੇ ਮੁੰਬਈ ਆ ਵਸਿਆ। ਇੱਥੇ ਉਹਨਾਂ ਨੇ ਬੰਬੇ ਯੂਨੀਵਰਸਿਟੀ ਦੇ ਲਾਅ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਉਨ੍ਹਾਂ ਦੀ ਪਤਨੀ ਦਾ ਨਾਂ ਕਮਲਾ ਅਡਵਾਨੀ ਹੈ। ਉਨ੍ਹਾਂ ਦੇ ਬੇਟੇ ਦਾ ਨਾਮ ਜਯੰਤ ਅਡਵਾਨੀ ਅਤੇ ਬੇਟੀ ਦਾ ਨਾਮ ਪ੍ਰਤਿਭਾ ਅਡਵਾਨੀ ਹੈ।

 

ਅਡਵਾਨੀ ਨੇ 2002 ਤੋਂ 2004 ਵਿਚਾਲੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਭਾਰਤ ਦੇ ਸੱਤਵੇਂ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ 1998 ਤੋਂ 2004 ਵਿਚਾਲੇ ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਵਿੱਚ ਗ੍ਰਹਿ ਮੰਤਰੀ ਰਹਿ ਚੁੱਕੇ ਹਨ। ਉਹ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਨੀਂਹ ਰੱਖੀ। 10ਵੀਂ ਅਤੇ 14ਵੀਂ ਲੋਕ ਸਭਾ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਬਾਖੂਬੀ ਨਿਭਾਈ ਹੈ। ਉਨ੍ਹਾਂ ਨੇ ਰਾਸ਼ਟਰੀ ਸਵੈਮਸੇਵਕ ਸੰਘ ਰਾਹੀਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। 2015 ਵਿੱਚ, ਉਹਨਾਂ ਨੂੰ ਪਦਮ ਵਿਭੂਸ਼ਣ, ਭਾਰਤ ਦਾ ਦੂਜਾ ਸਰਵਉੱਚ ਨਾਗਰਿਕ ਸਨਮਾਨ ਦਿੱਤਾ ਗਿਆ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment