ਹਰਿਆਣਾ ਚੋਣਾਂ ‘ਤੇ ਰਾਹੁਲ ਗਾਂਧੀ ਦਾ ਦਾਅਵਾ, 25 ਲੱਖ ਹੋਏ ਵੋਟ ਚੋਰੀ, 5 ਲੱਖ ਜਾਅਲੀ ਬਣਾਏ, ਬ੍ਰਾਜ਼ੀਲੀ ਮਾਡਲ ਨੇ ਪਾਈ 22 ਵਾਰ ਵੋਟ

Global Team
4 Min Read

ਚੰਡੀਗੜ੍ਹ: ਬਿਹਾਰ ਵਿਧਾਨ ਸਭਾ ਚੋਣਾਂ ਦਾ ਪਹਿਲਾ ਗੇੜ ਭਲਕੇ ਸ਼ੁਰੂ ਹੋਣ ਜਾ ਰਿਹਾ ਹੈ। 121 ਸੀਟਾਂ ‘ਤੇ ਵੋਟਿੰਗ 6 ਨਵੰਬਰ ਨੂੰ ਹੋਣ ਜਾ ਰਹੀ ਹੈ। ਇਸ ਤੋਂ ਠੀਕ ਇੱਕ ਦਿਨ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੋਟ ਚੋਰੀ ਦਾ ਇਲਜਾਮ ਲਗਾਇਆ। ਰਾਹੁਲ ਗਾਂਧੀ ਨੇ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਅੱਜ ਦਿੱਲੀ ਸਥਿਤ ਕਾਂਗਰਸ ਹੈੱਡ ਆਫਿਸ ਪ੍ਰੈਸ ਕਾਨਫਰੰਸ ਕੀਤੀ।

ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਰਾਜ ਵਿੱਚ ਆਪ੍ਰੇਸ਼ਨ ਗਵਰਨਮੈਂਟ ਚੋਰੀ ਕੀਤੀ ਜਾ ਰਹੀ ਹੈ। ਰਾਹੁਲ ਨੇ ਬਿਹਾਰ ਦੇ ਪੰਜ ਵੋਟਰਾਂ ਨੂੰ ਸਟੇਜ ‘ਤੇ ਬੁਲਾਇਆ। ਉਨ੍ਹਾਂ ਸਾਰਿਆਂ ਨੇ ਕਿਹਾ ਕਿ ਉਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ 3.5 ਲੱਖ ਵੋਟਰਾਂ ਨੂੰ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਬਿਹਾਰ ਵਿੱਚ ਵੀ ਇਹੀ ਕੁਝ ਦੁਹਰਾਇਆ ਜਾ ਰਿਹਾ ਹੈ। ਲੋਕਤੰਤਰ ਨੂੰ ਵਿਗਾੜਨ ਲਈ ਚੋਣਾਂ ਤੋਂ ਠੀਕ ਪਹਿਲਾਂ ਵੋਟਰ ਸੂਚੀਆਂ ਜਾਰੀ ਕੀਤੀਆਂ ਜਾਂਦੀਆਂ ਹਨ।

ਬ੍ਰਾਜ਼ੀਲ ਮਾਡਲ ਦੀ ਹਰਿਆਣਾ ‘ਚ ਵੋਟ

ਆਪਣੀ ਕਾਨਫੰਰਸ ਵਿੱਚ ਰਾਹੁਲ ਗਾਂਧੀ ਨੇ ਹਰਿਆਣਾ ਦੀ ਵੋਟਰ ਸੂਚੀ ਦਿਖਾਈ ਅਤੇ ਕਿਹਾ ਕਿ ਬ੍ਰਾਜ਼ੀਲ ਦੀ ਇੱਕ ਮਾਡਲ ਨੇ ਹਰਿਆਣਾ ਚੋਣਾਂ ਦੌਰਾਨ 22 ਵਾਰ ਵੋਟ ਪਾਈ। ਰਾਹੁਲ ਗਾਂਧੀ ਨੇ ਉਸ ਮਾਡਲ ਦੀ ਫੋਟੋ ਦਿਖਾਈ ਤੇ ਹਰਿਆਣਾ ਦੀ ਵੋਟਰ ਸੂਚੀ ਵਿੱਚ ਇੱਕ ਬ੍ਰਾਜ਼ੀਲੀ ਔਰਤ ਦੀ ਭੂਮਿਕਾ ‘ਤੇ ਸਵਾਲ ਉਠਾਏ। ਉਨ੍ਹਾਂ ਦਾਅਵਾ ਕੀਤਾ ਕਿ ਮਾਡਲ ਨੇ 22 ਵਾਰ ਵੋਟ ਪਾਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਪੰਜ ਸ਼੍ਰੇਣੀਆਂ ਵਿੱਚ 25 ਲੱਖ ਵੋਟਾਂ ਚੋਰੀ ਹੋ ਗਈਆਂ। ਇੱਕ ਹੋਰ ਔਰਤ ਨੇ ਇੱਕ ਵਿਧਾਨ ਸਭਾ ਹਲਕੇ ਵਿੱਚ 100 ਵਾਰ ਵੋਟ ਪਾਈ।

ਸੀਐਮ ਦੇ ਬਿਆਨਾਂ ‘ਤੇ ਖਦਸ਼ੇ

ਰਾਹੁਲ ਗਾਂਧੀ ਨੇ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵੀਡੀਓ ਦਿਖਾਇਆ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਦੋ ਦਿਨ ਬਾਅਦ ਮੁੱਖ ਮੰਤਰੀ ਨੇ ਇੱਕ ਬਾਈਟ ਦਿੱਤੀ ਜਿਸ ਵਿੱਚ ਉਨ੍ਹਾਂ ਨੇ ਸਿਸਟਮ ਦਾ ਜ਼ਿਕਰ ਕੀਤਾ। ਹੁਣ ਇਹ ਸਿਸਟਮ ਕੀ ਹੈ? ਇਸ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਕਾਂਗਰਸ ਹਰਿਆਣਾ ਵਿੱਚ ਚੋਣਾਂ ਹਾਰ ਗਈ।

ਇਸ ਵੀਡੀਓ ਵਿੱਚ ਨਾਇਬ ਸੈਣੀ ਕਹਿੰਦੇ ਹਨ, “ਮੈਂ ਸ਼ੁਰੂ ਤੋਂ ਹੀ ਕਿਹਾ ਹੈ ਕਿ ਭਾਜਪਾ ਇੱਕ ਪਾਸੜ ਸਰਕਾਰ ਬਣਾ ਰਹੀ ਹੈ। ਸਾਡੇ ਕੋਲ ਸਾਰੇ ਪ੍ਰਬੰਧ ਹਨ। ਚਿੰਤਾ ਨਾ ਕਰੋ।”

ਰਾਹੁਲ ਨੇ ਸਵਾਲ ਕੀਤਾ ਕਿ ਉਹ ਪ੍ਰਬੰਧ ਕੀ ਸੀ। ਭਾਜਪਾ ਆਗੂ ਮੁਸਕਰਾਉਂਦੇ ਹੋਏ ਦਾਅਵਾ ਕਰ ਰਹੇ ਸਨ ਕਿ ਉਹ ਸਰਕਾਰ ਬਣਾਉਣਗੇ। ਇਹ ਪ੍ਰਬੰਧ ਵੋਟ ਚੋਰੀ ‘ਤੇ ਅਧਾਰਤ ਸੀ। ਇਸ ਤੋਂ ਬਾਅਦ ਜੋ ਨਤੀਜਾ ਆਇਆ ਉਸ ਵਿੱਚ ਕਾਂਗਰਸ ਹਾਰ ਗਈ। ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਚੋਣ 22,000 ਵੋਟਾਂ ਨਾਲ ਹਾਰ ਗਏ ਸੀ ਅਤੇ 25 ਲੱਖ ਜਾਅਲੀ ਵੋਟਰ ਸਨ। ਹਰ ਅੱਠ ਵਿੱਚੋਂ ਇੱਕ ਵੋਟਰ ਜਾਅਲੀ ਸੀ। ਇਸ ਲਈ  ਨਤੀਜਿਆਂ ‘ਤੇ ਕੁਝ ਫ਼ਰਕ ਪਵੇਗਾ।

ਬਿਹਾਰ ‘ਚ ਵੋਟਾਂ ਕੱਟੀਆਂ

ਪ੍ਰੈਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਬਿਹਾਰ ਦੇ ਜਮੂਈ ਤੋਂ ਪੰਜ ਲੋਕਾਂ ਨੂੰ ਸਟੇਜ ‘ਤੇ ਬੁਲਾਇਆ। ਉਨ੍ਹਾਂ ਵਿੱਚੋਂ ਹਰੇਕ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿੰਡ ਦੇ ਲਗਭਗ 300 ਲੋਕਾਂ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਇੱਕ ਵੋਟਰ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਕੋਈ ਹੱਲ ਲੱਭਣ ਤਾਂ ਜੋ ਅਗਲੀਆਂ ਚੋਣਾਂ ਵਿੱਚ ਉਨ੍ਹਾਂ ਨਾਲ ਇਹ ਸਥਿਤੀ ਨਾ ਆਵੇ।

ਵੋਟਰ ਸੂਚੀ ‘ਚ ਇੱਕ ਔਰਤ ਦੀ 223 ਵਾਰ ਫ਼ੋਟੋ

ਅੱਗੇ ਰਾਹੁਲ ਗਾਂਧੀ ਨੇ ਕਿਹਾ, “ਕੁਝ ਲੋਕਾਂ ਦੀ ਉਮਰ ਉਨ੍ਹਾਂ ਦੀਆਂ ਫੋਟੋਆਂ ਤੋਂ ਵੱਖਰੀ ਸੀ। ਦੋ ਪੋਲਿੰਗ ਬੂਥਾਂ ਦੀਆਂ ਵੋਟਰ ਸੂਚੀਆਂ ਵਿੱਚ ਇੱਕ ਔਰਤ ਦੀ ਫੋਟੋ 223 ਵਾਰ ਦੇਖਣ ਨੂੰ ਮਿਲੀ। ਚੋਣ ਕਮਿਸ਼ਨ ਨੂੰ ਇਹ ਦੱਸਣਾ ਪਵੇਗਾ ਕਿ ਇਹ ਔਰਤ ਇੰਨੀ ਵਾਰ ਕਿਉਂ ਦਿਖਾਈ ਦਿੱਤੀ।”

ਰਾਹੁਲ ਗਾਂਧੀ ਨੇ ਪਹਿਲਾਂ 7 ਅਗਸਤ ਅਤੇ 18 ਸਤੰਬਰ ਨੂੰ ਪ੍ਰੈਸ ਕਾਨਫਰੰਸਾਂ ਕੀਤੀਆਂ ਸਨ। 18 ਸਤੰਬਰ ਨੂੰ ਰਾਹੁਲ ਨੇ ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਵੋਟ ਚੋਰੀ ਦਾ ਦੋਸ਼ ਲਗਾਇਆ ਅਤੇ ਸਬੂਤ ਹੋਣ ਦਾ ਦਾਅਵਾ ਕੀਤਾ।

Share This Article
Leave a Comment