ਕਾਠਮੰਡੂ: ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਨੇਪਾਲ ਦੇ ਮਯਾਗਦੀ ਜ਼ਿਲ੍ਹੇ ਵਿੱਚ ਅੰਨਪੂਰਨਾ ਬੇਸ ਕੈਂਪ (ਏਬੀਸੀ) ਨੇੜੇ ਭਾਰੀ ਬਰਫ਼ਬਾਰੀ ਅਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਫਸੇ 17 ਭਾਰਤੀ ਸੈਲਾਨੀਆਂ ਸਮੇਤ 72 ਪਰਬਤਾਰੋਹੀਆਂ ਨੂੰ ਬਚਾਇਆ ਹੈ। ਇਹ ਕਾਰਵਾਈ ਆਰਮਡ ਪੁਲਿਸ ਫੋਰਸ (ਏਪੀਐਫ) ਅਤੇ ਨੇਪਾਲ ਪੁਲਿਸ ਦੀ ਸਾਂਝੀ ਟੀਮ ਦੁਆਰਾ ਕੀਤੀ ਗਈ ਸੀ, ਜਿਸ ਵਿੱਚ ਸਥਾਨਿਕ ਵਲੰਟੀਅਰਾਂ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਬਚਾਏ ਗਏ ਸਾਰੇ ਸੈਲਾਨੀ ਹੁਣ ਸੁਰੱਖਿਅਤ ਹਨ ਅਤੇ ਅੰਨਪੂਰਨਾ ਪੇਂਡੂ ਨਗਰ ਪਾਲਿਕਾ ਵਿਖੇ ਠਹਿਰੇ ਹਨ।
ਰਿਪੋਰਟਾਂ ਅਨੁਸਾਰ, ਬਰਫ਼ ਦੇ ਤੋਦੇ ਵਿੱਚ ਫਸੇ ਸਾਰੇ ਵਿਦੇਸ਼ੀ ਸੈਲਾਨੀ ਭਾਰਤੀ ਨਾਗਰਿਕ ਸਨ, ਜੋ ਧੌਲਾਗਿਰੀ ਸਰਕਟ ਟ੍ਰੈਕਿੰਗ ਰੂਟ ‘ਤੇ ਸਨ, ਜੋ ‘ਲੁਕਵੀਂ ਘਾਟੀ’ ਵਜੋਂ ਮਸ਼ਹੂਰ ਹੈ। ਇਹ ਰਸਤਾ ਮਿਆਗਦੀ ਅਤੇ ਮਸਤੰਗ ਜ਼ਿਲ੍ਹਿਆਂ ਨੂੰ ਜੋੜਦਾ ਹੈ, ਪਰ ਸੋਮਵਾਰ ਰਾਤ ਤੋਂ ਸ਼ੁਰੂ ਹੋਈ ਲਗਾਤਾਰ ਬਾਰਿਸ਼ ਅਤੇ ਬਰਫ਼ਬਾਰੀ ਨੇ ਟਰੈਕ ਰੂਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਉੱਚਾਈ ਵਾਲੇ ਖੇਤਰ ਵਿੱਚ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਆਈ, ਜਿਸ ਨਾਲ ਸੈਲਾਨੀਆਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਗਈਆਂ। ਮਸਤੰਗ ਤੋਂ ਤਾਇਨਾਤ ਇੱਕ ਵਿਸ਼ੇਸ਼ ਬਚਾਅ ਟੀਮ ਨੇ 4,190 ਮੀਟਰ ਦੀ ਉਚਾਈ ਤੋਂ ਸਾਰਿਆਂ ਨੂੰ ਸੁਰੱਖਿਅਤ ਬਚਾਇਆ ਹੈ।
ਡਿਪਟੀ ਸੁਪਰਡੈਂਟ ਆਫ਼ ਪੁਲਿਸ ਲਿਲ ਬਹਾਦੁਰ ਭੁਜੇਲ ਨੇ ਕਿਹਾ, “ਸਾਡੀ ਟੀਮ ਨੇ ਬੰਦ ਸੜਕਾਂ ਤੋਂ ਬਰਫ਼ ਸਾਫ਼ ਕੀਤੀ ਅਤੇ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ। ਇਸ ਕਾਰਵਾਈ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਏਪੀਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਸੈਲਾਨੀ ਵਾਪਿਸ ਨਹੀਂ ਆ ਸਕੇ ਪਰ ਹੁਣ ਉਹ ਸਥਾਨਿਕ ਲਾਜਾਂ ਵਿੱਚ ਰਹਿ ਰਹੇ ਹਨ। ਜਿਵੇਂ ਹੀ ਮੌਸਮ ਸਾਫ਼ ਹੋਵੇਗਾ, ਉਹ ਕਾਠਮੰਡੂ ਵਾਪਿਸ ਆ ਸਕਣਗੇ ਅਤੇ ਫਿਰ ਆਪਣੇ-ਆਪਣੇ ਘਰਾਂ ਨੂੰ ਰਵਾਨਾ ਹੋ ਸਕਣਗੇ। ਮਿਆਗਦੀ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਬਦਰੀ ਪ੍ਰਸਾਦ ਤਿਵਾੜੀ ਨੇ ਸੁਰੱਖਿਆ ਕਾਰਨਾਂ ਕਰਕੇ 31 ਅਕਤੂਬਰ ਤੱਕ ਅੰਨਪੂਰਨਾ ਬੇਸ ਕੈਂਪ ਤੱਕ ਟ੍ਰੈਕਿੰਗ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਇਹ ਕਦਮ ਲਗਾਤਾਰ ਹੋ ਰਹੀ ਬਰਫ਼ਬਾਰੀ ਅਤੇ ਸੰਭਾਵੀ ਖ਼ਤਰਿਆਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਸੈਲਾਨੀਆਂ ਨੂੰ ਮੌਸਮ ਦੀ ਭਵਿੱਖਬਾਣੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । ਇਹ ਪਾਬੰਦੀ ਖੇਤਰ ਵਿੱਚ ਹੋਰ ਹਾਦਸਿਆਂ ਨੂੰ ਰੋਕਣ ਲਈ ਲਗਾਈ ਗਈ ਹੈ।

