ਨਿਊਜ਼ ਡੈਸਕ: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ਮਸ਼ਹੂਰ ਕਾਮੇਡੀਅਨ ਗੋਵਰਧਨ ਅਸਰਾਨੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਨੇ ਸੋਮਵਾਰ ਨੂੰ 84 ਸਾਲਾਂ ਦੀ ਉਮਰ ਵਿੱਚ ਆਖਰੀ ਸਾਹ ਲਏ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 350 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ ਅਤੇ ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਚਾਰ ਦਿਨ ਪਹਿਲਾਂ ਹੀ ਉਹ ਹਸਪਤਾਲ ਵਿੱਚ ਦਾਖਲ ਹੋਏ ਸਨ ਜਿੱਥੇ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ਨੇ ਪੂਰੀ ਬਾਲੀਵੁੱਡ ਇੰਡਸਟਰੀ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਮੌਤ ਤੋਂ ਕੁਝ ਸਮਾਂ ਪਹਿਲਾਂ ਅਸਰਾਨੀ ਨੇ ਇੱਕ ਭਾਵੁਕ ਪੋਸਟ ਕੀਤੀ ਸੀ ਜਿਸ ਨੇ ਉਨ੍ਹਾਂ ਦੇ ਫੈਨਜ਼ ਨੂੰ ਰੁਲਾ ਦਿੱਤਾ। ਇਸ ਵਿਚਾਲੇ, ਅਕਸ਼ੈ ਕੁਮਾਰ ਨੇ ਉਨ੍ਹਾਂ ਨਾਲ ਹੋਈ ਆਖਰੀ ਮੀਟਿੰਗ ਦੀ ਤਸਵੀਰ ਸਾਂਝੀ ਕਰਕੇ ਯਾਦਾਂ ਤਾਜ਼ੀਆਂ ਕੀਤੀਆਂ।
ਅਸਰਾਨੀ ਦੀ ਆਖਰੀ ਪੋਸਟ ਵਿੱਚ ਕੀ ਸੀ?
ਆਪਣੇ ਅੰਤਿਮ ਸਾਹ ਲੈਣ ਤੋਂ ਪਹਿਲਾਂ ਅਸਰਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਦੀਵਾਲੀ ਨਾਲ ਜੁੜੀ ਇੱਕ ਪੋਸਟ ਸਾਂਝੀ ਕੀਤੀ ਸੀ। ਇਸ ਵਿੱਚ ਉਨ੍ਹਾਂ ਨੇ ਸਭ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਸਨ। ਇਹ ਪੋਸਟ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਅਕਸ਼ੈ ਕੁਮਾਰ ਨੇ ਅਸਰਾਨੀ ਦੇ ਦੇਹਾਂਤ ਤੇ ਦੁੱਖ ਜ਼ਾਹਰ ਕੀਤਾ
ਅਕਸ਼ੈ ਕੁਮਾਰ ਨੇ ਅਸਰਾਨੀ ਦੇ ਜਾਣ ਤੇ ਲਿਖਿਆ ਕਿ ਅਸਰਾਨੀ ਜੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਨ ਲਈ ਕੋਈ ਲਫ਼ਜ਼ ਨਹੀਂ ਹਨ। ਅਸੀਂ ਇੱਕ ਹਫ਼ਤਾ ਪਹਿਲਾਂ ਹੀ ‘ਹੈਵਾਨ’ ਫਿਲਮ ਦੀ ਸ਼ੂਟਿੰਗ ਵੇਲੇ ਇੱਕ ਦੂਜੇ ਨੂੰ ਗਲੇ ਲਗਾਇਆ ਸੀ। ਉਹ ਬਹੁਤ ਪਿਆਰੇ ਵਿਅਕਤੀ ਸਨ। ਉਨ੍ਹਾਂ ਦਾ ਕਾਮਿਕ ਟਾਈਮਿੰਗ ਲਾਜਵਾਬ ਸੀ। ਮੇਰੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਜਿਵੇਂ ‘ਹੇਰਾ ਫੇਰੀ’ ਤੋਂ ਸ਼ੁਰੂ ਕਰਕੇ ‘ਭਾਗਮ ਭਾਗ’, ‘ਦੇ ਦਾਨਾ ਦਨ’, ‘ਵੈਲਕਮ’, ਅਤੇ ਅਜੇ ਰਿਲੀਜ਼ ਨਾ ਹੋਈਆਂ ‘ਭੂਤ ਬੰਗਲਾ’ ਤੇ ‘ਹੈਵਾਨ’ ਵਿੱਚ ਮੈਂ ਉਨ੍ਹਾਂ ਨਾਲ ਕੰਮ ਕੀਤਾ ਅਤੇ ਬਹੁਤ ਕੁਝ ਸਿੱਖਿਆ। ਇਹ ਸਾਡੀ ਇੰਡਸਟਰੀ ਲਈ ਵੱਡਾ ਨੁਕਸਾਨ ਹੈ। ਅਸਰਾਨੀ ਸਾਹਿਬ, ਸਾਨੂੰ ਹੱਸਣ ਦੇ ਅਨੇਕਾਂ ਕਾਰਨ ਦੇਣ ਲਈ ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ। ਓਮ ਸ਼ਾਂਤੀ।’
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।