ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਓਡੀਸ਼ਾ ਵਿੱਚ ਲਗਭਗ 160 ਕਰੋੜ ਰੁਪਏ ਦੇ ਦੋ ਵੱਡੇ ਮੱਛੀ ਪਾਲਣ ਪ੍ਰੋਜੈਕਟਾਂ ਦਾ ਨੀਂਹ ਪੱਥਰ ਵਰਚੁਅਲ ਤੌਰ ‘ਤੇ ਰੱਖਿਆ ਹੈ। ਇਹ ਸਮਾਗਮ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੇ 24,000 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਧਨ-ਧਨ ਕ੍ਰਿਸ਼ੀ ਯੋਜਨਾ (PM-DDKY) ਅਤੇ 11,440 ਕਰੋੜ ਰੁਪਏ ਦੀ ਆਤਮਨਿਰਭਰ ਦਾਲਾਂ ਮਿਸ਼ਨ ਵੀ ਲਾਂਚ ਕੀਤਾ।
ਓਡੀਸ਼ਾ ਵਿੱਚ ਦੋ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ: ਇਸ ਵਿੱਚ ਸੰਬਲਪੁਰ ਜ਼ਿਲ੍ਹੇ ਦੇ ਬਸੰਤਪੁਰ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣ ਵਾਲਾ ਇੱਕ ਏਕੀਕ੍ਰਿਤ ਐਕਵਾ ਪਾਰਕ ਅਤੇ ਭੁਵਨੇਸ਼ਵਰ ਦੇ ਪੰਡਾਰਾ ਖੇਤਰ ਵਿੱਚ 59.13 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣ ਵਾਲਾ ਇੱਕ ਆਧੁਨਿਕ ਮੱਛੀ ਬਾਜ਼ਾਰ ਸ਼ਾਮਿਲ ਹੈ। ਦੱਸ ਦੇਈਏ ਕਿ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ, ਉਪ ਮੁੱਖ ਮੰਤਰੀ ਕੇਵੀ ਸਿੰਘ ਦਿਓ ਅਤੇ ਹੋਰ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਵਿੱਚ ਵਰਚੁਅਲ ਤੌਰ ‘ਤੇ ਹਿੱਸਾ ਲਿਆ।
ਮੁੱਖ ਮੰਤਰੀ ਮਾਝੀ ਨੇ ਕਿਹਾ ਕਿ ਭੁਵਨੇਸ਼ਵਰ ਵਿੱਚ ਬਣਨ ਵਾਲੀ ਮੱਛੀ ਮੰਡੀ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (PMMSY) ਦੇ ਤਹਿਤ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਕੇਂਦਰ ਸਰਕਾਰ ₹30 ਕਰੋੜ ਦਾ ਯੋਗਦਾਨ ਪਾਵੇਗੀ ਅਤੇ ਬਾਕੀ ਫੰਡ ਰਾਜ ਸਰਕਾਰ ਪ੍ਰਦਾਨ ਕਰੇਗੀ। ਇਹ ਪ੍ਰੋਜੈਕਟ ਭੁਵਨੇਸ਼ਵਰ ਨਗਰ ਨਿਗਮ (BMC) ਅਤੇ ਰਾਜ ਸਰਕਾਰ ਦੇ ਮੱਛੀ ਪਾਲਣ ਅਤੇ ਪਸ਼ੂ ਸਰੋਤ ਵਿਭਾਗ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਰਕਿਟ ਨਾਲ 143 ਵਪਾਰੀਆਂ ਨੂੰ ਸਿੱਧਾ ਲਾਭ ਹੋਵੇਗਾ ਅਤੇ 2,000 ਤੋਂ ਵੱਧ ਲੋਕਾਂ ਨੂੰ ਅਸਿੱਧੇ ਤੌਰ ‘ਤੇ ਰੁਜ਼ਗਾਰ ਮਿਲੇਗਾ।