ਨਿਊਜ਼ ਡੈਸਕ: ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਵਜੂਦ ਸਰ ਕਰੀਕ ਖੇਤਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦੀ ਵਿਵਾਦ ਅਜੇ ਵੀ ਪੂਰੀ ਤਰ੍ਹਾਂ ਸੁਲਝ ਨਹੀਂ ਸਕਿਆ। ਭਾਰਤ ਨੇ ਕਈ ਵਾਰ ਕੂਟਨੀਤਕ ਪੱਧਰ ‘ਤੇ ਗੱਲਬਾਤ ਕਰਕੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਪਾਕਿਸਤਾਨ ਦੀ ਨੀਅਤ ਹੁਣ ਤੱਕ ਸਪੱਸ਼ਟ ਨਹੀਂ ਹੋਈ। ਇਸ ਦੌਰਾਨ ਪਾਕਿਸਤਾਨੀ ਫੌਜ ਨੇ ਸਰ ਕਰੀਕ ਨਾਲ ਲੱਗਦੇ ਖੇਤਰਾਂ ਵਿੱਚ ਹਾਲ ਹੀ ਵਿੱਚ ਫੋਜੀ ਢਾਂਚੇ ਦਾ ਵਿਸਥਾਰ ਕੀਤਾ ਹੈ, ਜਿਸ ਨੂੰ ਲੈ ਕੇ ਭਾਰਤ ਨੇ ਸਖ਼ਤ ਸੁਨੇਹਾ ਦਿੱਤਾ ਹੈ।
ਰੱਖਿਆ ਮੰਤਰੀ ਦਾ ਸਖ਼ਤ ਰੁਖ
ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੀ ਨੀਅਤ ‘ਤੇ ਸ਼ੱਕ ਹੋਣਾ ਸੁਭਾਵਿਕ ਹੈ ਕਿਉਂਕਿ ਉਸ ਦੇ ਹਾਲੀਆ ਕਦਮ ਖੇਤਰ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ, “ਭਾਰਤੀ ਫੌਜ ਅਤੇ ਬੀਐਸਐਫ ਸਾਂਝੇ ਤੌਰ ‘ਤੇ ਅਤੇ ਪੂਰੀ ਸੁਚੇਤਤਾ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਜੇ ਪਾਕਿਸਤਾਨ ਸਰ ਕਰੀਕ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਚਲਾਕੀ ਕਰਦਾ ਹੈ, ਤਾਂ ਉਸ ਨੂੰ ਅਜਿਹਾ ਨਿਰਣਾਇਕ ਜਵਾਬ ਮਿਲੇਗਾ ਕਿ ਇਤਿਹਾਸ ਅਤੇ ਭੂਗੋਲ ਦੋਵੇਂ ਬਦਲ ਜਾਣਗੇ।”
1965 ਦੀ ਜੰਗ ਦੀ ਯਾਦ
ਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ 1965 ਦੀ ਜੰਗ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਉਸ ਸਮੇਂ ਭਾਰਤੀ ਫੌਜ ਨੇ ਲਾਹੌਰ ਤੱਕ ਪਹੁੰਚਣ ਦੀ ਸਮਰੱਥਾ ਵਿਖਾਈ ਸੀ। ਅੱਜ 2025 ਵਿੱਚ ਪਾਕਿਸਤਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਰਾਚੀ ਤੱਕ ਪਹੁੰਚਣ ਦਾ ਇੱਕ ਰਸਤਾ ਇਸੇ ਕਰੀਕ ਵਿੱਚੋਂ ਲੰਘਦਾ ਹੈ।
ਸਰ ਕਰੀਕ ਖੇਤਰ ਸਾਮਰਿਕ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਹੈ। ਇੱਥੇ ਕਿਸੇ ਵੀ ਤਰ੍ਹਾਂ ਦਾ ਤਣਾਅ ਨਾ ਸਿਰਫ਼ ਭਾਰਤ-ਪਾਕਿਸਤਾਨ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਸਗੋਂ ਹਿੰਦ ਮਹਾਸਾਗਰ ਖੇਤਰ ਵਿੱਚ ਵੀ ਅਸਥਿਰਤਾ ਵਧਾ ਸਕਦਾ ਹੈ। ਭਾਰਤ ਦਾ ਸੁਨੇਹਾ ਸਪੱਸ਼ਟ ਹੈ ਕਿ ਸੀਮਾ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਵੇਗਾ।
ਸਰ ਕਰੀਕ ਵਿਵਾਦ ਦਾ ਇਤਿਹਾਸ
ਸਰ ਕਰੀਕ ਵਿਵਾਦ 1960 ਦੇ ਦਹਾਕੇ ਤੋਂ ਦੋਵਾਂ ਦੇਸ਼ਾਂ ਵਿਚਕਾਰ ਲਟਕਿਆ ਹੋਇਆ ਹੈ। ਇਹ ਖੇਤਰ ਗੁਜਰਾਤ ਅਤੇ ਸਿੰਧ ਸੂਬੇ ਵਿਚਕਾਰ ਸਥਿਤ ਹੈ ਅਤੇ ਸਮੁੰਦਰੀ ਸੀਮਾਵਾਂ ਦੇ ਨਿਰਧਾਰਨ ਨਾਲ ਜੁੜਿਆ ਹੋਇਆ ਹੈ। ਪਾਕਿਸਤਾਨ ਵੱਲੋਂ ਵਧ ਰਹੀਆਂ ਸੈਨਿਕ ਗਤੀਵਿਧੀਆਂ ਦੇ ਵਿਚਕਾਰ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਹਮਲਾਵਰਤਾ ਦਾ ਜਵਾਬ ਸਖ਼ਤ ਕਾਰਵਾਈ ਨਾਲ ਦਿੱਤਾ ਜਾਵੇਗਾ।