ਲੰਡਨ ’ਚ ਭਾਰਤ-ਪਾਕਿਸਤਾਨ ਸਮਰਥਕਾਂ ਵਿਚਾਲੇ ਝੜਪ, ਵੀਡੀਓ ਵਾਇਰਲ

Global Team
3 Min Read

ਲੰਦਨ: ਲੰਦਨ ਦੇ ਈਸਟ ਇਲਫੋਰਡ ਲੇਨ ਖੇਤਰ ’ਚ 14-15 ਅਗਸਤ ਦੀ ਰਾਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਭਾਰਤ ਅਤੇ ਪਾਕਿਸਤਾਨ ਸਮਰਥਕਾਂ ਵਿਚਾਲੇ ਤਣਾਅ ਪੈਦਾ ਹੋ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਮੂਲ ਦੇ ਮੁਸਲਿਮ ਨੌਜਵਾਨ, ਜੋ ਤਿਰੰਗਾ ਝੰਡਾ ਲੈ ਕੇ ਸੜਕ ’ਤੇ ਸਨ, ਨੂੰ ਪਾਕਿਸਤਾਨੀ ਸਮਰਥਕਾਂ ਨੇ ਘੇਰ ਲਿਆ ਅਤੇ ਦੋਵਾਂ ਵਿਚਾਲੇ ਤਿੱਖੀ ਨਾਅਰੇਬਾਜ਼ੀ ਤੇ ਬਹਿਸ ਹੋਈ। ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਕੀ ਹੈ ਪੂਰਾ ਮਾਮਲਾ?

ਇਹ ਘਟਨਾ 14 ਅਤੇ 15 ਅਗਸਤ ਦੀ ਰਾਤ ਦੀ ਦੱਸੀ ਜਾ ਰਹੀ ਹੈ। ਜਦੋਂ ਭਾਰਤੀ ਮੂਲ ਦੇ ਨੌਜਵਾਨ ਭਾਰਤ ਦਾ ਝੰਡਾ ਲੈ ਕੇ ਸੜਕ ’ਤੇ ਨਿਕਲੇ, ਤਾਂ ਪਾਕਿਸਤਾਨੀ ਸਮਰਥਕਾਂ ਨੇ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਵਾਇਰਲ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ’ਚ ਮੌਜੂਦ ਪਾਕਿਸਤਾਨੀ ਮੂਲ ਦੇ ਲੋਕ ਭਾਰਤੀ ਨੌਜਵਾਨਾਂ ਦੇ ਨੇੜੇ ਜਾ ਕੇ ਪਾਕਿਸਤਾਨੀ ਝੰਡੇ ਲਹਿਰਾਉਂਦੇ ਹਨ ਅਤੇ ਅਪਮਾਨਜਨਕ ਇਸ਼ਾਰੇ ਵੀ ਕਰਦੇ ਹਨ। ਸਥਿਤੀ ਵਿਗੜਨ ਤੋਂ ਪਹਿਲਾਂ ਭਾਰਤੀ ਨੌਜਵਾਨ ਸ਼ਾਂਤੀ ਬਣਾਈ ਰੱਖਦੇ ਹੋਏ ਮੌਕੇ ਤੋਂ ਹਟਦੇ ਨਜ਼ਰ ਆਏ।

ਪੁਲਿਸ ਦੀ ਕਾਰਵਾਈ ’ਤੇ ਸਵਾਲ

ਹੁਣ ਤੱਕ ਇਸ ਮਾਮਲੇ ’ਚ ਪੁਲਿਸ ਵੱਲੋਂ ਕੋਈ ਗ੍ਰਿਫਤਾਰੀ ਜਾਂ ਅਧਿਕਾਰਤ ਜਾਂਚ ਸ਼ੁਰੂ ਨਹੀਂ ਕੀਤੀ ਗਈ, ਨਾ ਹੀ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਹਾਲਾਂਕਿ, ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਫਿਲਹਾਲ, ਸਥਿਤੀ ਕਾਬੂ ’ਚ ਹੈ, ਪਰ ਇਹ ਘਟਨਾ ਸੁਰੱਖਿਆ ਅਤੇ ਭਾਈਚਾਰਕ ਸਬੰਧਾਂ ਨਾਲ ਜੁੜੇ ਕਈ ਅਹਿਮ ਸਵਾਲ ਖੜ੍ਹੇ ਕਰਦੀ ਹੈ।

ਪਹਿਲਾਂ ਵੀ ਵਾਪਰ ਚੁੱਕੀਆਂ ਅਜਿਹੀਆਂ ਘਟਨਾਵਾਂ

ਜ਼ਿਕਰਯੋਗ ਹੈ ਕਿ ਈਸਟ ਇਲਫੋਰਡ ਲੇਨ ’ਚ ਭਾਰਤ ਅਤੇ ਪਾਕਿਸਤਾਨ ਦੇ ਵੱਡੀ ਗਿਣਤੀ ’ਚ ਵਸਦੇ ਲੋਕਾਂ ਦਰਮਿਆਨ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਸੁਤੰਤਰਤਾ ਦਿਵਸ ਅਤੇ ਪਾਕਿਸਤਾਨ ਦਿਵਸ ਦੇ ਮੌਕੇ ’ਤੇ ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ। ਸਾਲ 2020 ’ਚ ਈਸਟ ਲੰਡਨ ’ਚ ਕੁਝ ਪਾਕਿਸਤਾਨੀ ਸਮਰਥਕਾਂ ਨੇ ਤਿਰੰਗੇ ਦਾ ਅਪਮਾਨ ਕੀਤਾ ਸੀ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਆਲੋਚਨਾ ਹੋਈ ਸੀ। ਇਸੇ ਤਰ੍ਹਾਂ 2021 ’ਚ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ’ਚ ਤਿਰੰਗਾ ਲੈ ਕੇ ਘੁੰਮ ਰਹੇ ਨੌਜਵਾਨਾਂ ਨੂੰ ਕੁਝ ਲੋਕਾਂ ਨੇ ਘੇਰ ਲਿਆ ਸੀ।

Share This Article
Leave a Comment