ਜਗਤਾਰ ਸਿੰਘ ਸਿੱਧੂ;
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਨੁੱਖੀ ਜਿੰਦਗੀ ਵਿੱਚ ਕੁਦਰਤ ਨਾਲ ਸਾਂਝ ਦੀਆਂ ਤੰਦਾਂ ਬਾਰੇ ਰੂਹ ਤੋਂ ਗੱਲਾਂ ਕੀਤੀਆਂ। ਪੰਜਾਬ ਨੂੰ ਜ਼ਰਖੇਜ਼ ਜਮੀਨ, ਜੰਗਲ, ਪਰਬਤ ਅਤੇ ਭਾਖੜਾ ਝੀਲ ਦੇ ਨੀਲੇ ਪਾਣੀਆਂ ਦੇ ਰੂਪ ਵਿੱਚ ਮਿਲੀਆਂ ਕੁਦਰਤੀ ਬਖਸ਼ਿਸ਼ਾਂ ਦਾ ਜ਼ਿਕਰ ਕੀਤਾ। ਬੇਲ ਗੱਡੀਆਂ ਦੀਆਂ ਦੌੜਾਂ ਤੋਂ ਲੈਕੇ ਰੰਗਲੇ ਪੰਜਾਬ ਦੀਆਂ ਤਾਰਾਂ ਨੂੰ ਛੋਹਿਆ ਗਿਆ।
ਮੁੱਖ ਮੰਤਰੀ ਮਾਨ ਅੱਜ ਚੰਡੀਗੜ੍ਹ ਵਿੱਚ ਇਕ ਸਾਦਾ ਸਮਾਗਮ ਦੌਰਾਨ ਜੰਗਲਾਤ ਮਹਿਕਮੇ ਦੇ ਮੁਲਾਜ਼ਮਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦੇਣ ਮੌਕੇ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਮਾਨ ਨੇ ਦਰਖਤਾਂ ਦੀ ਮਨੁੱਖੀ ਜੀਵਨ ਨਾਲ ਸਾਂਝ ਦਾ ਆਪਣੇ ਅੰਦਾਜ਼ ਨਾਲ ਬਾਖੂਬੀ ਵਰਣਨ ਕੀਤਾ। ਉਨਾਂ ਕਿਹਾ ਕਿ ਸਾਹ ਲੈਣ ਲਈ ਦਰਖਤ ਆਕਸੀਜਨ ਪੈਦਾ ਕਰਦੇ ਹਨ ਅਤੇ ਵਾਤਾਵਰਣ ਦਾ ਸੰਤੁਲਨ ਕਾਇਮ ਰੱਖਣ ਲਈ ਬਨਸਪਤੀ ਦੀ ਬਹੁਤ ਅਹਿਮੀਅਤ ਹੈ। ਮਨੁੱਖ ਜਦੋਂ ਆਪਣੇ ਸਵਾਰਥ ਖਾਤਰ ਕੁਦਰਤ ਨਾਲ ਛੇੜਛਾੜ ਛਾੜ ਕਰਦਾ ਹੈ ਤਾਂ ਵਾਤਾਵਰਣ ਦਾ ਸੰਤੁਲਨ ਵਿਗੜਦਾ ਹੈ।ਸਮੁੰਦਰਾਂ ਵਿੱਚ ਮੌਸਮ ਵਿਭਾਗ ਸੁਨਾਮੀ ਦੀਆਂ ਚਿਤਾਵਨੀਆਂ ਦਿੰਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸੈਰ ਸਪਾਟਾ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਰੱਖਦਾ ਹੈ ਪਰ ਪਿਛਲੀਆਂ ਸਰਕਾਰਾਂ ਨੇ ਕਦੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਹੁਣ ਪੰਜਾਬ ਅੰਦਰ ਜੰਗਲਾਤ ਵਿਭਾਗ ਦੇ ਕੁਦਰਤੀ ਨਿਜਾਰਿਆਂ ਵਾਲੇ ਟਿਕਾਣਿਆਂ ਨੂੰ ਵਿਕਸਤ ਕੀਤਾ ਜਾਵੇਗਾ। ਇਸ ਨਾਲ ਜੰਗਲਾਤ ਮਹਿਕਮਾ ਵੀ ਮਜ਼ਬੂਤ ਹੋਵੇਗਾ ਅਤੇ ਪੰਜਾਬ ਦੀ ਆਮਦਨ ਵੀ ਵਧੇਗੀ।
ਮੁੱਖ ਮੰਤਰੀ ਮਾਨ ਨੇ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੀ ਅਣਦੇਖੀ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਥੇ ਕੁਦਰਤ ਨੇ ਪੰਜਾਬ ਉੱਪਰ ਬਖਸ਼ਿਸ਼ ਕੀਤੀ ਹੈ ਉੱਥੇ ਪਿਛਲੀਆਂ ਸਰਕਾਰਾਂ ਉਪਰ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਲਈ ਜਿੰਮੇਵਾਰ ਠਹਿਰਾਇਆ। ਮੁੱਖ ਮੰਤਰੀ ਮਾਨ ਨੇ ਬਗੈਰ ਕਿਸੇ ਨੇਤਾ ਦਾ ਨਾਂ ਲਏ ਬਗੈਰ ਕਿਹਾ ਕਿ ਸਭ ਤੋਂ ਪਹਿਲਾਂ ਜੰਗਲਾਤ ਮਹਿਕਮੇ ਦਾ ਹੀ ਸਾਬਕਾ ਕੈਬਨਿਟ ਮੰਤਰੀ ਜੇਲ ਗਿਆ। ਰਾਜਸੀ ਨੇਤਾਵਾਂ ਨੇ ਰੁੱਖ ਤੱਕ ਨਹੀਂ ਬਖਸ਼ੇ। ਇਹ ਵੀ ਕਿਹਾ ਕਿ ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰਨ ਵਾਲਾ ਨੇਤਾ ਵੀ ਨਾਭਾ ਜੇਲ ਬੈਠਾ ਹੈ। ਪੰਜਾਬ ਦੀ ਰਾਜਸੀ ਸਥਿਤੀ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਹਰ ਮਾਮਲੇ ਵਿੱਚ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਰਹੀ ਹੈ ਪਰ ਸਰਕਾਰ ਬਨਾਉਣ ਦਾ ਫਤਵਾ ਤਾਂ ਪੰਜਾਬੀਆਂ ਨੇ ਦਿੱਤਾ ਹੈ। ਉਨਾਂ ਦਾ ਕਹਿਣਾ ਹੈ ਕਿ ਹੁਣ ਵਿਰੋਧੀ ਧਿਰ ਦੀਆਂ ਨਜ਼ਰਾਂ 2027 ਦੀ ਵਿਧਾਨ ਸਭਾ ਚੋਣ ਉੱਤੇ ਟਿਕੀਆਂ ਹੋਈਆਂ ਹਨ ਪਰ ਵਿਰੋਧੀ ਧਿਰ ਦਾ ਹਾਲ ਪਿਛਲੀ ਚੋਣ ਵਾਲਾ ਹੀ ਹੋਵੇਗਾ।
ਮੁੱਖ ਮੰਤਰੀ ਨੇ ਜੰਗਲਾਤ ਮਹਿਕਮੇ ਦੇ ਮੁਲਾਜ਼ਮਾਂ ਨੂੰ ਦਰਖਤਾਂ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ਆਖਿਆ ਕਿ ਸਰਕਾਰ ਮੁਲਾਜ਼ਮਾਂ ਦੇ ਹਿੱਤਾਂ ਦਾ ਪੂਰਾ ਧਿਆਨ ਰੱਖੇਗੀ।
ਸੰਪਰਕ 9814002186