ਜਗਤਾਰ ਸਿੰਘ ਸਿੱਧੂ;
ਸੰਯੁਕਤ ਕਿਸਾਨ ਮੋਰਚੇ ਦੀ ਭਲਕੇ ਚੰਡੀਗੜ੍ਹ ਵਿੱਚ ਬੁਲਾਈ ਸਰਬ ਪਾਰਟੀ ਮੀਟਿੰਗ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਮੀਟਿੰਗ ਦਾ ਏਜੰਡਾ ਕਿਸਾਨ, ਮਜ਼ਦੂਰ ਅਤੇ ਹੋਰ ਵਰਗਾਂ ਦੇ ਹਿੱਤਾਂ ਲਈ ਹੈ। ਮੀਟਿੰਗ ਦਾ ਅਹਿਮ ਪਹਿਲੂ ਜਿਥੇ ਰਾਜਸੀ ਧਿਰਾਂ ਦੀ ਸ਼ਮੂਲੀਅਤ ਨੂੰ ਲੈ ਕੇ ਹੈ ਉਥੇ ਭਾਜਪਾ ਨੂੰ ਮੀਟਿੰਗ ਦਾ ਸੱਦਾ ਮਿਲਣਾ ਵੀ ਅਹਿਮ ਸਮਝਿਆ ਜਾ ਰਿਹਾ ਹੈ। ਇਸ ਦੀ ਅਹਿਮੀਅਤ ਇਸ ਕਰਕੇ ਵੀ ਬਣਦੀ ਹੈ ਕਿ ਦਿੱਲੀ ਕਿਸਾਨ ਅੰਦੋਲਨ ਦੀਆਂ ਰਵਾਇਤਾਂ ਨਾਲੋਂ ਵੱਖਰੀ ਨੀਤੀ ਨਾਲ ਇਹ ਮੀਟਿੰਗ ਬੁਲਾਈ ਗਈ ਹੈ। ਦਿੱਲੀ ਮੋਰਚੇ ਵਿੱਚ ਰਾਜਸੀ ਧਿਰਾਂ ਦੇ ਆਗੂਆਂ ਨੂੰ ਕਿਸਾਨਾਂ ਦੀ ਸਟੇਜ ਤੋਂ ਦੂਰ ਰੱਖਿਆ ਗਿਆ। ਉਸ ਵੇਲੇ ਵੀ ਪੰਜਾਬ ਸਮੇਤ ਕੌਮੀ ਪੱਧਰ ਦੀਆਂ ਕਈ ਰਾਜਸੀ ਪਾਰਟੀਆਂ ਵਲੋਂ ਮੋਰਚੇ ਨੂੰ ਸਮਰਥਨ ਸੀ ਪਰ ਉਹ ਅੰਦੋਲਨ ਦਾ ਹਿੱਸਾ ਨਹੀਂ ਬਣੇ।
ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਿਸਾਨ ਜਥੇਬੰਦੀਆਂ ਦਾ ਦਿੱਲੀ ਮੋਰਚੇ ਦੌਰਾਨ ਅਤੇ ਉਸ ਦੇ ਬਾਅਦ ਵੀ ਕਿਸਾਨੀ ਮੰਗਾਂ ਨੂੰ ਲੈਕੇ ਭਾਜਪਾ ਨਾਲ ਸਿੱਧਾ ਟਕਰਾਅ ਰਿਹਾ। ਬੇਸ਼ੱਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਸੀ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਕਿਸਾਨ ਮੰਗਾਂ ਮਨਵਾਉਣ ਲਈ ਦੂਜਾ ਵੱਡਾ ਮੋਰਚਾ ਲਾਇਆ ਪਰ ਇਹ ਲੀਡਰਸ਼ਿਪ ਕੇਂਦਰ ਨਾਲ ਫਸਲਾਂ ਦੇ ਸਮਰਥਨ ਮੁੱਲ ਅਤੇ ਹੋਰਨਾਂ ਮੰਗਾਂ ਨੂੰ ਲੈਕੇ ਗੱਲਬਾਤ ਦੀ ਮੇਜ ਉੱਤੇ ਆ ਗਈ। ਕਈ ਮੀਟਿੰਗਾਂ ਵੀ ਹੋਈਆਂ ਪਰ ਸਿੱਟਾ ਕੋਈ ਨਾ ਨਿਕਲਿਆ। ਇਸੇ ਦੌਰਾਨ ਪੰਜਾਬ ਸਰਕਾਰ ਨੇ ਸ਼ੰਭੂ ਬਾਰਡਰ ਦੇ ਕਿਸਾਨਾਂ ਨੂੰ ਖਿਦੇੜ ਦਿੱਤਾ ਅਤੇ ਇਸ ਤਰ੍ਹਾਂ ਪੰਜਾਬ ਸਰਕਾਰ ਨਾਲ ਉਸ ਦਿਨ ਤੋਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੇ ਮੋਰਚੇ ਦਾ ਟਕਰਾਅ ਸ਼ੁਰੂ ਹੋ ਗਿਆ। ਇਸੇ ਦੌਰਾਨ ਇਕ ਚੱਲਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਦਾ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ , ਡਾ ਦਰਸ਼ਨ ਪਾਲ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨਾਲ ਟਕਰਾਅ ਹੋ ਗਿਆ। ਕਿਸਾਨਾਂ ਦੀ ਲੈਂਡ ਪੂਲਿੰਗ ਨੀਤੀ ਅਤੇ ਹੋਰ ਮਾਮਲੇ ਆ ਗਏ। ਪੰਜਾਬ ਭਾਜਪਾ ਕਿਸਾਨਾਂ ਦੇ ਭਖਵੇਂ ਮੁੱਦਿਆਂ ਨੂੰ ਲੈਕੇ ਸਿੱਧੇ ਤੌਰ ਉਤੇ ਕਿਸਾਨਾਂ ਦੀ ਹਮਾਇਤ ਵਿੱਚ ਆ ਗਈ। ਕਈ ਕਿਸਾਨ ਇੱਕਠਾਂ ਵਿੱਚ ਭਾਜਪਾ ਦੇ ਕਿਸਾਨ ਆਗੂ ਨਜ਼ਰ ਆਉਣ ਲੱਗੇ। ਇਸ ਬਦਲੀ ਹੋਈ ਪ੍ਰਸਿਥਤੀ ਵਿੱਚ ਭਲਕੇ ਦੀ ਸਰਬ ਪਾਰਟੀ ਮੀਟਿੰਗ ਬਹੁਤ ਅਹਿਮ ਹੈ।
ਇਹ ਵੀ ਅਹਿਮ ਹੈ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਕਿਸਾਨ ਜਥੇਬੰਦੀ ਫਤਿਹ ਸਮੇਤ ਕਈ ਜਥੇਬੰਦੀਆਂ ਇਸ ਮੀਟਿੰਗ ਤੋਂ ਬਾਹਰ ਹਨ ਤਾਂ ਉਨਾਂ ਦਾ ਕੀ ਰੁਖ ਰਹੇਗਾ? ਸੰਯੁਕਤ ਕਿਸਾਨ ਮੋਰਚਾ ਗੈਰ ਰਾਜਸੀ ਕਿਵੇਂ ਲਏਗਾ ਮੀਟਿੰਗ ਨੂੰ?
ਸੰਪਰਕ 9814002186