ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਮੀਗ੍ਰੇਸ਼ਨ ਨਾਲ ਜੁੜੇ ਮਾਮਲੇ ‘ਚ ਵੱਡਾ ਝਟਕਾ ਲੱਗਿਆ ਹੈ। ਸ਼ੁੱਕਰਵਾਰ, 11 ਜੁਲਾਈ ਨੂੰ ਇੱਕ ਅਮਰੀਕੀ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਲੌਸ ਐਂਜਲਸ ਸਮੇਤ ਕੈਲੀਫੋਰਨੀਆ ਦੀਆਂ ਸੱਤ ਕਾਉਂਟੀਆਂ ‘ਚ ਚੱਲ ਰਹੀਆਂ ਅੰਨ੍ਹੇਵਾਹ ਇਮੀਗ੍ਰੇਸ਼ਨ ਗ੍ਰਿਫਤਾਰੀਆਂ ਅਤੇ ਕਾਰਵਾਈਆਂ ‘ਤੇ ਤੁਰੰਤ ਰੋਕ ਲਗਾਉਣ ਦਾ ਹੁਕਮ ਦਿੱਤਾ। ਇਹ ਹੁਕਮ ਪ੍ਰਵਾਸੀ ਅਧਿਕਾਰ ਸੰਗਠਨਾਂ ਵੱਲੋਂ ਦਾਇਰ ਕੀਤੀ ਇੱਕ ਪਟੀਸ਼ਨ ਦੇ ਬਾਅਦ ਆਇਆ, ਜਿਸ ‘ਚ ਪ੍ਰਸ਼ਾਸਨ ‘ਤੇ ਨਸਲੀ ਵਿਤਕਰੇ ਦੇ ਦੋਸ਼ ਲਗਾਏ ਗਏ ਸਨ।
ਨਸਲੀ ਅਧਾਰ ‘ਤੇ ਗ੍ਰਿਫਤਾਰੀ ਦਾ ਦੋਸ਼
ਪ੍ਰਵਾਸੀ ਅਧਿਕਾਰ ਸਮੂਹਾਂ ਨੇ ਪਟੀਸ਼ਨ ‘ਚ ਦੋਸ਼ ਲਗਾਇਆ ਕਿ ਟਰੰਪ ਪ੍ਰਸ਼ਾਸਨ ਦੀਆਂ ਦੱਖਣੀ ਕੈਲੀਫੋਰਨੀਆ ‘ਚ ਚੱਲ ਰਹੀਆਂ ਇਮੀਗ੍ਰੇਸ਼ਨ ਕਾਰਵਾਈਆਂ ‘ਚ ਨਸਲੀ ਅਧਾਰ ‘ਤੇ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਿਨਾਂ ਵਾਰੰਟ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ, ਲੌਸ ਐਂਜਲਸ ਹਿਰਾਸਤ ਕੇਂਦਰ ‘ਚ ਬੰਦੀਆਂ ਨੂੰ ਕਾਨੂੰਨੀ ਸਹਾਇਤਾ ਲੈਣ ਤੋਂ ਰੋਕਿਆ ਜਾ ਰਿਹਾ ਹੈ, ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨਸਲ ਦੇ ਅਧਾਰ ‘ਤੇ ਹਿਰਾਸਤ ‘ਚ ਲੈ ਰਹੇ ਹਨ।
ਅਦਾਲਤ ਦਾ ਸਖ਼ਤ ਰੁਖ
ਪ੍ਰਵਾਸੀਆਂ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਜਸਟਿਸ ਮਾਮੀ ਈ. ਫ੍ਰਿੰਪੌਂਗ ਨੇ ਟਰੰਪ ਪ੍ਰਸ਼ਾਸਨ ਨੂੰ ਇਨ੍ਹਾਂ ਕਾਰਵਾਈਆਂ ਨੂੰ ਤੁਰੰਤ ਰੋਕਣ ਦਾ ਹੁਕਮ ਦਿੱਤਾ। ਉਨ੍ਹਾਂ ਨੇ ਇੱਕ ਵੱਖਰੇ ਹੁਕਮ ‘ਚ ਇਹ ਵੀ ਨਿਰਦੇਸ਼ ਦਿੱਤਾ ਕਿ ਲੌਸ ਐਂਜਲਸ ਦੇ ਇਮੀਗ੍ਰੇਸ਼ਨ ਹਿਰਾਸਤ ਕੇਂਦਰ ‘ਚ ਵਕੀਲਾਂ ਨੂੰ ਬੰਦੀਆਂ ਨਾਲ ਮਿਲਣ ਤੋਂ ਨਾ ਰੋਕਿਆ ਜਾਵੇ। ਇਸ ਹੁਕਮ ਦੇ ਜਵਾਬ ‘ਚ ਅਮਰੀਕੀ ਆਂਤਰਿਕ ਸੁਰੱਖਿਆ ਮੰਤਰਾਲੇ ਦੀ ਸਹਾਇਕ ਸਕੱਤਰ ਟ੍ਰਿਸ਼ੀਆ ਮੈਕਲੌਘਲਿਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ, “ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕਿਸੇ ਵਿਅਕਤੀ ਨੂੰ ਉਸ ਦੀ ਨਸਲ ਦੇ ਅਧਾਰ ‘ਤੇ ਨਿਸ਼ਾਨਾ ਬਣਾਉਣ ਦਾ ਦਾਅਵਾ ਘਿਨਾਉਣਾ ਅਤੇ ਸਪੱਸ਼ਟ ਤੌਰ ‘ਤੇ ਗਲਤ ਹੈ।”
200 ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਆਇਆ ਹੁਕਮ
ਅਦਾਲਤ ਦਾ ਇਹ ਹੁਕਮ ਉਦੋਂ ਆਇਆ ਜਦੋਂ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਰਵਾਰ ਨੂੰ ਕੈਲੀਫੋਰਨੀਆ ‘ਚ ਭੰਗ (ਕੈਨਬਿਸ) ਦੇ ਦੋ ਖੇਤਾਂ ‘ਤੇ ਛਾਪੇਮਾਰੀ ਕਰਕੇ ਲਗਭਗ 200 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ‘ਤੇ ਦੇਸ਼ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਦਾ ਸ਼ੱਕ ਸੀ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਦੀ ਵੀ ਸੂਚਨਾ ਹੈ। ਮੌਕੇ ‘ਤੇ ਸਥਾਨਕ ਨਿਵਾਸੀਆਂ ਅਤੇ ਕਾਰਕੁੰਨਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ, ਜਿਸ ਨਾਲ ਸਥਿਤੀ ਤਣਾਅਪੂਰਨ ਹੋ ਗਈ ਸੀ।