ਜਗਤਾਰ ਸਿੰਘ ਸਿੱਧੂ;
ਪੰਜਾਬੀਆਂ ਲਈ ਆ ਰਹੀ 9 ਜੁਲਾਈ ਬਹੁਤ ਅਹਿਮ ਹੈ ਕਿਉਂਕਿ ਦੋ ਵਡੇ ਮੁੱਦਿਆਂ ਦਾ ਸਬੰਧ ਇਸ ਦਿਨ ਨਾਲ ਜੁੜ ਗਿਆ ਹੈ ਜਿਹੜੇ ਕਿ ਪੰਜਾਬੀਆਂ ਲਈ ਜੀਵਨ ਰੇਖਾ ਕਹੇ ਜਾ ਸਕਦੇ ਹਨ। ਪਹਿਲਾ ਮੁੱਦਾ ਸਤਲੁਜ ਜਮਨਾ ਲਿੰਕ ਨਹਿਰ ਦਾ ਹੈ।ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਇਸ ਮਸਲੇ ਦੇ ਹੱਲ ਲਈ ਦਿੱਲੀ ਵਿਚ ਉਸ ਦਿਨ ਸ਼ਾਮੀ ਚਾਰ ਵਜੇ ਮੁਲਾਕਾਤ ਕਰਨਗੇ ਅਤੇ ਪ੍ਰਧਾਨਗੀ ਕੇਂਦਰ ਦੇ ਜਲ ਸ਼ਕਤੀ ਮੰਤਰੀ ਪਾਟਿਲ ਕਰਨਗੇ। ਦੂਜਾ ਮਾਮਲਾ ਵੀ ਅਹਿਮ ਹੈ ਕਿਉਂਕਿ ਅਮਰੀਕਾ ਨੇ ਭਾਰਤ ਨਾਲ ਵਪਾਰ ਸਮਝੌਤੇ ਲਈ ਖੇਤੀਬਾੜੀ ਅਤੇ ਡੇਅਰੀ ਖੇਤਰ ਸਮੇਤ ਕਈ ਮੁੱਦਿਆਂ ਉੱਤੇ ਭਾਰਤ ਦੀ ਪੇਸ਼ਕਸ਼ ਬਾਰੇ ਫੈਸਲਾ ਸੁਣਾ ਦੇਣਾ ਹੈ। ਬੇਸ਼ੱਕ ਭਾਰਤ ਨੇ ਕਿਹਾ ਹੈ ਕਿ ਅਮਰੀਕਾ ਦੇ ਦਬਾਅ ਹੇਠ ਆਕੇ ਕੋਈ ਸ਼ਰਤ ਪ੍ਰਵਾਨ ਨਹੀਂ ਕੀਤੀ ਜਾਵੇਗੀ ਪਰ ਫੈਸਲਾ ਅਜੇ ਹੋਣਾ ਹੈ।
ਜੇਕਰ ਐਸ ਵਾਈ ਐਲ ਦੀ ਨੌਂ ਜੁਲਾਈ ਦੀ ਮੀਟਿੰਗ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਪੱਖ ਬਹੁਤ ਦੇਰ ਦਾ ਸਪੱਸ਼ਟ ਹੋ ਕਿ ਪੰਜਾਬ ਕੋਲ ਇਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਦੇਣ ਲਈ ਫਾਲਤੂ ਨਹੀਂ ਨਹੀਂ ਹੈ ਪਰ ਸਵਾਲ ਤਾਂ ਇਹ ਹੈ ਕਿ ਪੰਜਾਬ ਦੀ ਇਹ ਦਲੀਲ ਦੂਜੀ ਧਿਰ ਨੂੰ ਪ੍ਰਵਾਨ ਨਹੀਂ ਹੈ। ਮਾਮਲਾ ਸੁਪਰੀਮ ਕੋਰਟ ਵਿੱਚ ਹੈ ਅਤੇ ਦਹਾਕਿਆਂ ਤੋਂ ਲਟਕ ਰਿਹਾ ਹੈ। ਹਰਿਆਣਾ ਲਗਾਤਾਰ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਵਲੋਂ ਪਾਣੀਆਂ ਦੇ ਮੁੱਦੇ ਉੱਪਰ ਧੱਕਾ ਕੀਤਾ ਜਾ ਰਿਹਾ ਹੈ। ਸਾਰੇ ਮਾਮਲੇ ਵਿੱਚ ਕੇਂਦਰ ਦੀ ਬੇਸ਼ਕ ਸਾਲਸ ਦੀ ਭੂਮਿਕਾ ਹੈ ਪਰ ਅੱਜ ਤੱਕ ਕੋਈ ਮਿਸਾਲ ਨਹੀਂ ਹੈ ਜਦੋਂ ਪਾਣੀਆਂ ਦੀ ਵੰਡ ਦੇ ਮਾਮਲੇ ਵਿੱਚ ਪੰਜਾਬ ਦੇ ਪਾਣੀਆਂ ਦੇ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਗੱਲ ਕੀਤੀ ਗਈ ਹੋਵੇ।
ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰ ਸਮਝੌਤੇ ਲਈ ਹੋ ਰਹੀ ਗੱਲਬਾਤ ਦੇ ਕਈ ਮਾਮਲੇ ਹਨ ਪਰ ਜੇਕਰ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨਾਲ ਜੁੜੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਖੇਤੀ ਅਤੇ ਸਹਾਇਕ ਧੰਦੇ ਡੇਅਰੀ ਦੇ ਵੱਡੇ ਮਾਮਲੇ ਹਨ ਜਿੱਥੇ ਅਮਰੀਕਾ ਆਪਣੀ ਗੱਲ ਪੁਗਾਉਣ ਉਤੇ ਅੱੜਿਆ ਹੋਇਆ ਹੈ। ਅਮਰੀਕਾ ਦੀ ਮੰਗ ਹੈ ਕਿ ਖੇਤੀ ਅਤੇ ਡੇਅਰੀ ਲਈ ਵਿਆਜ ਮੁਕਤ ਸਮਝੌਤਾ ਹੋਵੇ ਜੋ ਕਿ ਸਿੱਧੇ ਤੌਰ ਉੱਤੇ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਲਈ ਵੱਡਾ ਝਟਕਾ ਹੋਵੇਗਾ। ਇਸੇ ਕਰਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਅਤੇ ਡੇਅਰੀ ਮਾਮਲਿਆਂ ਵਿੱਚ ਸੰਭਾਵੀ ਸਮਝੌਤੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤ ਕਹਿ ਰਿਹਾ ਹੈ ਕਿ ਦੇਸ਼ ਦੇ ਹਿੱਤਾਂ ਖਿਲਾਫ ਕੋਈ ਸਮਝੌਤਾ ਨਹੀਂ ਹੋਵੇਗਾ।
ਸੰਪਰਕ: 9814002186