ਨਿਊਜ਼ ਡੈਸਕ: ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ 22 ਅਪ੍ਰੈਲ 2025 ਨੂੰ ਅੱਤਵਾਦੀਆਂ ਨੇ ਸੈਲਾਨੀਆਂ ’ਤੇ ਹਮਲਾ ਕਰਕੇ 26 ਲੋਕਾਂ ਦੀ ਜਾਨ ਲੈ ਲਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਇਸ ਘਟਨਾ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਪਾਕਿਸਤਾਨ ਵਿਰੁੱਧ ਗੁੱਸਾ ਵਧਿਆ। ਮੋਦੀ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ, ਜਿਸ ਅਧੀਨ ਭਾਰਤੀ ਫੌਜ ਨੇ ਪਾਕਿਸਤਾਨ ਦੇ ਸੈਨਿਕ ਅਤੇ ਅੱਤਵਾਦੀ ਟਿਕਾਣਿਆਂ ’ਤੇ ਜ਼ਬਰਦਸਤ ਹਮਲੇ ਕੀਤੇ, ਜਿਸ ਨਾਲ ਪਾਕਿਸਤਾਨ ’ਚ ਹਫੜਾ-ਦਫੜੀ ਮਚ ਗਈ।
ਪਾਕਿਸਤਾਨੀ ਫੌਜ ਭਾਰਤ ਦੇ ਇਨ੍ਹਾਂ ਹਮਲਿਆਂ ਤੋਂ ਇੰਨੀ ਡਰ ਗਈ ਕਿ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਜਵਾਬ ਕਿਵੇਂ ਦੇਣਾ ਹੈ। ਇਹ ਖੁਲਾਸਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਸਲਾਹਕਾਰ ਰਾਣਾ ਸਨਾਉੱਲਾ ਨੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜਦੋਂ ਭਾਰਤ ਨੇ ਨੂਰ ਖਾਨ ਏਅਰਬੇਸ ਵੱਲ ਬ੍ਰਹਮੋਸ ਕਰੂਜ਼ ਮਿਜ਼ਾਈਲ ਦਾਗੀ, ਤਾਂ ਪਾਕਿਸਤਾਨੀ ਫੌਜ ਕੋਲ ਸਿਰਫ 30-45 ਸਕਿੰਟ ਸਨ ਇਹ ਪਤਾ ਲਗਾਉਣ ਲਈ ਕਿ ਮਿਜ਼ਾਈਲ ’ਚ ਪਰਮਾਣੂ ਹਥਿਆਰ ਹੈ ਜਾਂ ਨਹੀਂ। ਇਸ ਛੋਟੇ ਸਮੇਂ ’ਚ ਅਜਿਹਾ ਫੈਸਲਾ ਲੈਣਾ ਬਹੁਤ ਖਤਰਨਾਕ ਸਥਿਤੀ ਪੈਦਾ ਕਰ ਸਕਦਾ ਸੀ।
ਸਨਾਉੱਲਾ ਨੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦੱਸਿਆ ਕਿ ਪਹਿਲਗਾਮ ’ਚ 26 ਸੈਲਾਨੀਆਂ ਦੀ ਦੇ ਕਤਲ ਤੋਂ ਬਾਅਦ ਭਾਰਤ-ਪਾਕਿਸਤਾਨ ਸੰਘਰਸ਼ ਦੌਰਾਨ ਪਰਮਾਣੂ ਜੰਗ ਦਾ ਖਤਰਾ ਵਧ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਮਿਜ਼ਾਈਲ ਨੂੰ ਗਲਤ ਸਮਝ ਕੇ ਪਰਮਾਣੂ ਜਵਾਬ ਦੇਣ ਦੀ ਗਲਤੀ ਕਰ ਸਕਦਾ ਸੀ, ਜੋ ਵਿਸ਼ਵ ਪੱਧਰ ’ਤੇ ਪਰਮਾਣੂ ਜੰਗ ਦੀ ਸ਼ੁਰੂਆਤ ਬਣ ਸਕਦੀ ਸੀ।
ਸੈਟੇਲਾਈਟ ਤਸਵੀਰਾਂ ’ਚ ਪਾਕਿਸਤਾਨ ’ਚ ਤਬਾਹੀ ਦੇ ਨਿਸ਼ਾਨ ਸਾਫ ਦਿਖਾਈ ਦਿੱਤੇ। ਨੂਰ ਖਾਨ ਏਅਰਬੇਸ, ਜੋ ਰਾਵਲਪਿੰਡੀ ਦੇ ਚਕਲਾਲਾ ’ਚ ਸਥਿਤ ਹੈ, ਸਮੇਤ ਸਰਗੋਧਾ, ਭੋਲਾਰੀ, ਜੈਕੋਬਾਬਾਦ, ਸੁੱਕੁਰ ਅਤੇ ਰਹੀਮ ਯਾਰ ਖਾਨ ਵਰਗੇ ਮੁੱਖ ਏਅਰਬੇਸਾਂ ’ਤੇ ਭਾਰੀ ਨੁਕਸਾਨ ਹੋਇਆ। ‘ਆਪ੍ਰੇਸ਼ਨ ਸਿੰਦੂਰ’ ਅਧੀਨ ਰਨਵੇਅ, ਹੈਂਗਰ ਅਤੇ ਅਹਿਮ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਭਾਰਤ ਨੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਵੀ ਤਬਾਹ ਕੀਤਾ। ਪਾਕਿਸਤਾਨ ਨੇ ਜਵਾਬ ’ਚ ਭਾਰਤ ਦੇ ਪੱਛਮੀ ਖੇਤਰਾਂ ਵੱਲ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ’ਚ ਫੌਜੀ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ। ਚਾਰ ਦਿਨਾਂ ਦੇ ਸੰਘਰਸ਼ ਤੋਂ ਬਾਅਦ, ਦੋਵਾਂ ਦੇਸ਼ਾਂ ਨੇ ਜੰਗਬੰਦੀ ’ਤੇ ਸਹਿਮਤੀ ਜਤਾਈ।