ਅਰੋੜਾ ਬਣੇ ਨਵੇਂ ਮੰਤਰੀ! ਧਾਲੀਵਾਲ ਕੈਬਨਿਟ ਤੋਂ ਬਾਹਰ

Global Team
3 Min Read

ਜਗਤਾਰ ਸਿੰਘ ਸਿੱਧੂ;

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਸਤਵੇਂ ਫੇਰਬਦਲ ਵਿੱਚ ਸਾਬਕਾ ਰਾਜ ਸਭਾ ਮੈਂਬਰ ਅਤੇ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਪੱਛਮੀ ਤੋਂ ਬਣੇ ਵਿਧਾਇਕ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਹੈ ਅਤੇ ਨਾਲ ਹੀ ਆਪ ਦੇ ਨੇਤਾ ਕੁਲਦੀਪ ਸਿੰਘ ਧਾਲੀਵਾਲ ਦੀ ਕੈਬਨਿਟ ਵਿੱਚੋਂ ਛੁੱਟੀ ਹੈ ਗਈ ਹੈ। ਨਵੇਂ ਬਣੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਇੰਡਸਟਰੀ ਅਤੇ ਐਨ ਆਰ ਆਈ ਵਿਭਾਗ ਦਿਤੇ ਗਏ ਹਨ। ਇਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਪੱਛਮੀ ਹਲਕੇ ਦੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਚੋਣ ਦੌਰਾਨ ਪਾਰਟੀ ਦੀ ਲੀਡਰਸ਼ਿਪ ਨੇ ਲੁਧਿਆਣਾ ਦੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਅਰੋੜਾ ਨੂੰ ਜਿਤਾ ਕੇ ਭੇਜੋ, ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣਗੇ । ਲੋਕਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਤਾਂ ਨਾਲ ਹੀ ਪਾਰਟੀ ਨੇ ਅਰੋੜਾ ਨੂੰ ਕੈਬਨਿਟ ਵਿੱਚ ਜਗ੍ਹਾ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ।ਇਸ ਤਰ੍ਹਾਂ ਲੁਧਿਆਣਾ ਸਨਅਤੀ ਸ਼ਹਿਰ ਲਈ ਆਪ ਦਾ ਦਬਦਬਾ ਹੋਰ ਵੱਧ ਗਿਆ ਹੈ ਪਰ ਮੰਤਰੀ ਮੰਡਲ ਦੇ ਮੈਂਬਰਾਂ ਦੀ ਗਿਣਤੀ ਪਹਿਲਾਂ ਵਾਂਗ 16 ਹੀ ਰਹੇਗੀ ਅਤੇ ਦੋ ਸੀਟਾਂ ਮੰਤਰੀ ਮੰਡਲ ਵਿੱਚ ਅਜੇ ਵੀ ਖਾਲੀ ਹਨ।

ਅੱਜ ਬਾਅਦ ਦੁਪਹਿਰ ਪੰਜਾਬ ਰਾਜ ਭਵਨ ਵਿੱਚ ਇਕ ਸਾਦਾ ਸਮਾਗਮ ਕਰਕੇ ਸੰਜੀਵ ਅਰੋੜਾ ਨੂੰ ਪੰਜਾਬ ਦੇ ਰਾਜਪਾਲ ਨੇ ਮੰਤਰੀ ਵਜੋਂ ਸਹੁੰ ਚੁਕਾਈ ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕੈਬਨਿਟ ਦੇ ਤਕਰੀਬਨ ਸਾਰੇ ਮੰਤਰੀ ਹਾਜ਼ਰ ਸਨ। ਇਹ ਵੀ ਅਹਿਮ ਸੀ ਕਿ ਕੁਲਦੀਪ ਸਿੰਘ ਧਾਲੀਵਾਲ ਸਮਾਗਮ ਵਿੱਚ ਨਹੀਂ ਆਏ। ਉਸ ਵੇਲੇ ਹੀ ਮੀਡੀਆ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਧਾਲੀਵਾਲ ਮੰਤਰੀ ਮੰਡਲ ਤੋਂ ਬਾਹਰ ਹੋ ਸਕਦੇ ਹਨ। ਧਾਲੀਵਾਲ ਦਾ ਇਕੋਇਕ ਮਹਿਕਮਾ ਐਨ ਆਰ ਆਈ ਉਸ ਤੋਂ ਲੈ ਕੇ ਅਰੋੜਾ ਨੂੰ ਦੇ ਦਿੱਤਾ ਗਿਆ। ਹਾਲਾਂਕਿ ਕਿ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਸੀ ਪਰ ਸੰਹੁ ਚੁੱਕ ਸਮਾਗਮ ਦੌਰਾਨ ਹੀ ਸੂਤਰਾਂ ਦੇ ਹਵਾਲੇ ਨਾਲ ਧਾਲੀਵਾਲ ਦੀ ਕੈਬਨਿਟ ਵਿੱਚੋਂ ਛੁੱਟੀ ਹੋਣ ਦੀ ਪੁਸ਼ਟੀ ਹੋ ਗਈ ਅਤੇ ਕਿਹਾ ਗਿਆ ਹੈ ਕਿ ਧਾਲੀਵਾਲ ਨੇ ਆਪਣਾ ਅਸਤੀਫਾ ਵੀ ਮੰਤਰੀ ਵਜੋਂ ਦੇ ਦਿੱਤਾ ਹੈ। ਸ਼ਾਮੀਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਕੇ ਆਪਣੇ ਕੀਤੇ ਕੰਮਾਂ ਦਾ ਹਵਾਲਾ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਪੰਜਾਬ ਦੀ ਸੇਵਾ ਕਰਦੇ ਰਹਿਣਗੇ। ਧਾਲੀਵਾਲ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਦੇ ਹੋਰ ਲੋਕਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਅਤੇ ਅਰੋੜਾ ਉੱਨਾਂ ਨਾਲੋਂ ਬਿਹਤਰ ਸੇਵਾਵਾਂ ਦੇਣਗੇ ਪਰ ਉਹ ਆਪ ਪਾਰਟੀ ਲਈ ਕੰਮ ਕਰਨਗੇ ।ਧਾਲੀਵਾਲ ਵਿਦਿਆਰਥੀ ਜੀਵਨ ਤੋਂ ਸਰਗਰਮ ਆਗੂ ਹਨ ਅਤੇ ਆਪ ਦੇ ਸੀਨੀਅਰ ਆਗੂਆਂ ਵਿੱਚ ਗਿਣੇ ਜਾਂਦੇ ਹਨ।ਅਟਕਲਾਂ ਦੇ ਇਲਾਵਾ ਅਧਿਕਾਰਤ ਤੌਰ ਤੇ ਉਨਾਂ ਦੇ ਕੈਬਨਿਟ ਤੋ ਬਾਹਰ ਹੋਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਹੈ । ਕੀ ਹੁਣ ਆਪ ਧਾਲੀਵਾਲ ਨੂੰ ਪਾਰਟੀ ਪੱਧਰ ਤੇ ਕੇਈ ਹੋਰ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ? ਅਗਲੇ ਦਿਨਾਂ ਵਿੱਚ ਸਥਿਤੀ ਵਧੇਰੇ ਸਪੱਸ਼ਟ ਹੋਵੇਗੀ।

ਸੰਪਰਕ 9814002186

Share This Article
Leave a Comment