ਲੁਧਿਆਣਾ ਚੋਣ ਪਰਖ ਦੀ ਘੜੀ

Global Team
4 Min Read

ਜਗਤਾਰ ਸਿੰਘ ਸਿੱਧੂ;

ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਆਖਰੀ ਪੜਾਅ ਵਿੱਚ ਦਾਖਲ ਹੋ ਗਈ ਹੈ। ਜੂਨ ਸਤਾਰਾਂ ਨੂੰ ਭਲਕੇ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਅਤੇ ਉਨੀ ਜੂਨ ਨੂੰ ਵੋਟਾਂ ਪੈਣਗੀਆਂ। ਤੇਈ ਜੂਨ ਨੂੰ ਨਤੀਜੇ ਆਉਣਗੇ। ਲੁਧਿਆਣਾ ਪੰਜਾਬ ਦੀ ਆਰਥਿਕ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ ਅਤੇ ਹੁਣ ਵੱਡਾ ਸਵਾਲ ਇਹ ਹੈ ਕਿ ਕਾਰੋਬਾਰੀਆਂ ਦੇ ਸ਼ਹਿਰ ਦੇ ਵੋਟਰ ਕਿਸ ਉਮੀਦਵਾਰ ਨੂੰ ਵਿਧਾਨ ਸਭਾ ਭੇਜਣਗੇ? ਐਨਾ ਹੀ ਅਹਿਮ ਸਵਾਲ ਇਹ ਹੈ ਕਿ ਕੀ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੋੜੀ ਇਸ ਸੀਟ ਲਈ ਰੰਗ ਲਿਆਏਗੀ। ਵੱਖ ਵੱਖ-ਵੱਖ ਸੂਤਰਾਂ ਦੀ ਜਾਣਕਾਰੀ ਅਤੇ ਰਾਜਸੀ ਆਗੂਆਂ ਦੀ ਦਾਅਵੇਦਾਰੀ ਇਹ ਸੰਕੇਤ ਦਿੰਦੀ ਹੈ ਕਿ ਇਸ ਸੀਟ ਲਈ ਮੁੱਖ ਮੁਕਾਬਲਾ ਆਪ ਅਤੇ ਕਾਂਗਰਸ ਵਿਚਾਲੇ ਬਣ ਗਿਆ ਹੈ । ਬੇਸ਼ਕ ਦੋਹਾਂ ਧਿਰਾਂ ਨੇ ਜੋਰ ਅਜ਼ਮਾਈ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਆਪ ਨੇ ਆਪਣੀ ਸੀਟ ਤੇ ਕਬਜ਼ਾ ਬਰਕਰਾਰ ਰੱਖਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ।

ਇਹ ਅੰਦਾਜਾ ਹੀ ਲਾਇਆ ਜਾ ਸਕਦਾ ਹੈ ਕਿ ਜਿਸ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਹ ਬਣਾਇਆ ਹੋਵੇ ਤਾਂ ਉਸ ਲਈ ਇਹ ਚੋਣ ਕਿੰਨੀ ਅਹਿਮੀਅਤ ਰੱਖਦੀ ਹੈ। ਇਸ ਤੋਂ ਵੀ ਹੋਰ ਅਹਿਮ ਹੋ ਕਿ ਜਿਸ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਧਿਰਾਂ ਦੇ ਨੇਤਾਵਾਂ ਨਾਲੋਂ ਵਧੇਰੇ ਮੇਹਨਤ ਕੀਤੀ ਹੋਵੇ ਤਾਂ ਉਸ ਲਈ ਚੋਣ ਕਿੰਨੀ ਅਹਿਮ ਹੋਵੇਗੀ। ਅਜਿਹਾ ਨਹੀਂ ਹੈ ਕਿ ਦੂਜੀਆਂ ਧਿਰਾਂ ਦੇ ਆਗੂਆਂ ਨੇ ਮੇਹਨਤ ਨਹੀਂ ਕੀਤੀ ਸਗੋਂ ਜਿਸ ਪੱਧਰ ਤੇ ਆਪ ਦੀ ਇਹ ਜੋੜੀ ਪ੍ਰਤੀਬੱਧਤਾ ਨਾਲ ਮੁਹਿੰਮ ਨੂੰ ਲੈ ਕੇ ਚਲੀ ਗਈ, ਉਹ ਰੰਗ ਮੂੰਹੋਂ ਬੋਲਣ ਲੱਗਾ ਹੈ। ਮਿਸਾਲ ਵਜੋਂ ਚੋਣ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਕੇਂਦਰੀ ਕੈਬਨਿਟ ਮੰਤਰੀ ਰਵਨੀਤ ਬਿੱਟੂ ਦੀ ਮੀਡੀਆ ਵਿਚ ਟਿੱਪਣੀ ਬੜੀ ਅਹਿਮ ਹੈ।ਬਿੱਟੂ ਹੋਣੀ ਲੁਧਿਆਣਾ ਦੇ ਸਨਅਤਕਾਰਾਂ ਨਾਲ ਨਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਆਖ ਰਹੇ ਹਨ ਕਿ ਇਨਾਂ ਸਨਅਤਕਾਰਾਂ ਨੇ ਆਪਣੇ ਹਮਾਇਤੀਆਂ ਨੂੰ ਨਾਲ ਲੈ ਕੇ ਆਪਣੇ ਘਰਾਂ ਵਿੱਚ ਮੁੱਖ ਮੰਤਰੀ ਮਾਨ ਦੇ ਪ੍ਰੋਗਰਾਮ ਕਰਵਾਕੇ ਗਲਤ ਪਿਰਤ ਪਾਈ ਹੈ ਤਾਂ ਕੱਲ ਨੂੰ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਆਉਣਗੀਆਂ ਤਾਂ ਇਹ ਪਿਰਤ ਫੇਰ ਵੀ ਸਨਅਤਕਾਰਾਂ ਨੂੰ ਨਿਭਾਉਣੀ ਪਵੇਗੀ।

ਅਕਸਰ ਇਹ ਪ੍ਰਭਾਵ ਰਿਹਾ ਹੈ ਕਿ ਭਾਜਪਾ ਨੂੰ ਕਾਰੋਬਾਰੀਆਂ ਅਤੇ ਹਿੰਦੂ ਭਾਈਚਾਰੇ ਦੀ ਵੱਡੀ ਹਮਾਇਤ ਹੈ ਪਰ ਇਹ ਧਾਰਨਾ ਪਹਿਲਾਂ ਵੀ ਟੁੱਟਦੀ ਰਹੀ ਹੈ। ਇਕ ਵੱਡੀ ਮਿਸਾਲ ਅੰਮ੍ਰਿਤਸਰ ਪਾਰਲੀਮੈਂਟ ਸੀਟ ਦੀ ਦਿਤੀ ਜਾ ਸਕਦੀ ਹੈ। ਅੰਮ੍ਰਿਤਸਰੀਆਂ ਨੇ ਚੋਟੀ ਦੇ ਭਾਜਪਾ ਨੇਤਾ ਅਰੁਣ ਜੇਤਲੀ ਨੂੰ ਹਰਾ ਦਿੱਤਾ ਸੀ ਅਤੇ ਨਵਜੋਤ ਸਿੋਧੂ ਨ੍ਰੰ ਜਿਤਾ ਦਿੱਤਾ ਸੀ।

ਰਿਹਾ ਸਵਾਲ ਏਜੰਡਾ ਤੈਅ ਕਰਨ ਦਾ। ਵਿਰੋਧੀ ਧਿਰਾਂ ਦੇ ਆਗੂ ਤਾਂ ਆਪ ਦੇ ਆਗੂਆਂ ਨੂੰ ਡੋਪ ਟੈਸਟ ਕਰਾਉਣ ਲਈ ਚੁਣੌਤੀਆਂ ਦਿੰਦੇ ਰਹੇ ਅਤੇ ਆਖਦੇ ਰਹੇ ਕਿ ਦਿੱਲੀ ਵਾਲੇ ਪੰਜਾਬ ਦੀ ਸਰਕਾਰ ਚਲਾ ਰਹੇ ਹਨ।ਦੂਜੇ ਪਾਸੇ ਆਪ ਅਤੇ ਮਾਨ ਦੀ ਜੋੜੀ ਕਾਰੋਬਾਰੀਆਂ ਨਾਲ ਮੀਟਿੰਗਾਂ ਕਰਕੇ ਉਨਾਂ ਲਈ ਰਿਆਇਤਾਂ ਦਾ ਐਲਾਨ ਕਰਦੀ ਰਹੀ ਅਤੇ ਅਫ਼ਸਰਸ਼ਾਹੀ ਦਾ ਦਬਦਬਾ ਘਟਾਉਣ ਦੇ ਫੈਸਲੇ ਕੈਬਨਿਟ ਮੀਟਿੰਗਾਂ ਵਿੱਚ ਲਏ। ਮੋਹਾਲੀ ਵਹਗ ਸ਼ਹਿਰ ਲਈ ਨਵੇਂ ਸੈਕਟਰ ਕੱਟਣ ਦੇ ਫ਼ੈਸਲੇ ਕਾਰੋਬਾਰੀਆਂ ਨੂੰ ਹੁਲਾਰਾ ਦਿੰਦੇ ਹਨ। ਤਹਿਸੀਲਾਂ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਆਨ ਲਾਈਨ ਰਜਿਸਟਰੀਆਂ ਦੇ ਉਦਘਾਟਨੀ ਸਮਾਗਮ ਹੋਏ। ਮਾਨ ਸਰਕਾਰ ਨਸ਼ਿਆਂ ਵਿਰੁੱਧ ਜੰਗ ਦੀ ਮੁਹਿੰਮ ਚਲਾ ਰਹੀ ਹੈ ਤਾਂ ਵਿਰੋਧੀ ਇਸ ਨੂੰ ਡਰਾਮਾ ਆਖ ਰਹੇ ਹਨ। ਕੀ ਜ਼ਿਮਨੀ ਚੋਣ ਵਿੱਚ ਵਿਰੋਧੀ ਧਿਰ ਦੀ ਸਾਰੀ ਨਾਂਹਪੱਖੀ ਮੁਹਿੰਮ ਆਪ ਲਈ ਚੁਣੌਤੀ ਬਣੇਗੀ ? ਇਸ ਸਵਾਲ ਦਾ ਜਵਾਬ ਵੋਟਰਾਂ ਲਈ ਛੱਡਣਾ ਬਿਹਤਰ ਰਹੇਗਾ।

ਸੰਪਰਕ 9814002186

Share This Article
Leave a Comment