ਕੀ ਜਯੋਤੀਰਾਦਿਤਿਆ ਸਿੰਧੀਆ ਮੁੱਖ ਮੰਤਰੀ ਬਣਨਗੇ ?

TeamGlobalPunjab
4 Min Read

ਅਵਤਾਰ ਸਿੰਘ

ਕਾਂਗਰਸ ਦੀ ਅਗਵਾਈ ਵਾਲੀ ਮੱਧ ਪ੍ਰਦੇਸ਼ ਦੀ ਸਰਕਾਰ ਦਾ ਸਿਆਸੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਕਾਂਗਰਸ ਆਗੂ ਜਯੋਤੀਰਾਦਿਤਿਆ ਸਿੰਧੀਆ ਦੇ ਭਾਜਪਾ ਆਗੂਆਂ ਦੇ ਸੰਪਰਕ ਵਿੱਚ ਹੋਣ ਮਗਰੋਂ ਬੀਤੀ ਦੇਰ ਰਾਤ ਕੈਬਨਿਟ ਦੀ ਮੀਟਿੰਗ ’ਚ ਮੁੱਖ ਮੰਤਰੀ ਕਮਲ ਨਾਥ ਨੂੰ ਸਾਰੇ ਮੰਤਰੀਆਂ ਨੇ ਆਪਣੇ ਅਸਤੀਫ਼ੇ ਸੌਂਪ ਦਿੱਤੇ।
ਰਿਪੋਰਟਾਂ ਮੁਤਾਬਿਕ ਇਕ ਸੀਨੀਅਰ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਇਕਜੁੱਟਤਾ ਦਰਸਾਉਂਦਿਆਂ ਆਪਣੇ ਅਸਤੀਫ਼ੇ ਉਨ੍ਹਾਂ ਨੂੰ ਦਿੱਤੇ ਹਨ।

ਮੁੱਖ ਮੰਤਰੀ ਕਮਲ ਨਾਥ ਨੇ ਇਸ ‘ਤੇ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਮਾਫ਼ੀਆ ਦੀ ਸਹਾਇਤਾ ਨਾਲ ਆਪਣੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਦੀ ਇਜਾਜ਼ਤ ਨਹੀਂ ਦੇਣਗੇ। ਕਮਲ ਨਾਥ ਨੇ ਆਖਿਆ ਕਿ ਉਹ ਸਾਰੀ ਉਮਰ ਲੋਕਾਂ ਦੀ ਸੇਵਾ ਵਿੱਚ ਜੁਟੇ ਰਹੇ ਹਨ, ਪਰ ਭਾਜਪਾ ਉਨ੍ਹਾਂ ਦੀ ਸਰਕਾਰ ਨੂੰ ਅਨੈਤਿਕ ਤਰੀਕਿਆਂ ਨਾਲ ਅਸਥਿਰ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ।

ਮੰਗਲਵਾਰ ਨੂੰ ਪਾਰਟੀ ਨਾਲ ਸਬੰਧਤ ਕਈ ਵਿਧਾਇਕ, ਕੁਝ ਮੰਤਰੀ ਬੰਗਲੂਰੂ ਪੁੱਜ ਗਏ।

- Advertisement -

ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਵਿੱਚ ਜਾਰੀ ਖਾਨਾਜੰਗੀ ਤੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦੇ ਦੋਸ਼ਾਂ ਦੀਆਂ ਰਿਪੋਰਟਾਂ ਦਰਮਿਆਨ ਇਹ ਵਿਧਾਇਕ ਬੰਗਲੂਰੂ ਪਹੁੰਚੇ ਹਨ। ਰਿਪੋਰਟਾਂ ਅਨੁਸਾਰ ਸਾਰੇ ਵਿਧਾਇਕ ਚਾਰਟਰਡ ਜਹਾਜ਼ਾਂ ਰਾਹੀਂ ਇਥੇ ਪੁੱਜੇ ਤੇ ਉਨ੍ਹਾਂ ਨੂੰ ਕਿਸੇ ਅਣਦੱਸੀ ਥਾਂ ’ਤੇ ਰੱਖਿਆ ਗਿਆ।

ਇਹ ਸਾਰਾ ਸਿਆਸੀ ਚੱਕਰ ਇਸ ਲਈ ਵੀ ਦਿਲਚਸਪ ਹੈ ਕਿਉਂਕਿ ਰਾਜ ਸਭਾ ਚੋਣਾਂ ਤੋਂ ਐਨ ਪਹਿਲਾਂ ਮੱਧ ਪ੍ਰਦੇਸ਼ ਨਾਲ ਸਬੰਧਤ ਸੀਨੀਅਰ ਕਾਂਗਰਸ ਆਗੂ ਜਯੋਤੀਰਾਦਿਤਿਆ ਸਿੰਧੀਆ ਤੇ ਉਨ੍ਹਾਂ ਦੀ ਹਮਾਇਤ ਕਰਨ ਵਾਲੇ 17 ਵਿਧਾਇਕ ਅਚਾਨਕ ਬੇਲਗਾਮ ਹੋ ਗਏ ਹਨ।

ਸਿਤਮਜ਼ਰੀਫੀ ਇਹ ਹੈ ਕਿ ਸੂਬੇ ਵਿੱਚ ਚਲ ਰਹੇ ਇਸ ਸਿਆਸੀ ਡਰਾਮੇ ਦਰਮਿਆਨ ਭਾਜਪਾ ਨੇ ਮੰਗਲਵਾਰ ਨੂੰ ਵਿਧਾਇਕ ਦਲ ਦੀ ਮੀਟਿੰਗ ਸੱਦੀ। ਮੀਟਿੰਗ ਵਿੱਚ ਕਮਲ ਨਾਥ ਸਰਕਾਰ ਵਿਰੁੱਧ ਬੇਵਿਸਾਹੀ ਦਾ ਮਤਾ ਲਿਆਉਣ ਬਾਰੇ ਰਣਨੀਤੀ ਦਾਅ-ਪੇਚ ਤਿਆਰ ਕੀਤੇ ਜਾ ਰਹੇ ਹਨ। ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਿਛਲੇ ਪੰਜ ਕੁਝ ਦਿਨਾਂ ਤੋਂ ਦਿੱਲੀ ਵਿੱਚ ਸਨ, ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੀਟਿੰਗ ਕੀਤੀ।

ਰਾਜ ਸਭਾ ਚੋਣ ਤੋਂ ਐਨ ਪਹਿਲਾਂ ਮੱਧ ਪ੍ਰਦੇਸ਼ ਵਿੱਚ ਜਾਰੀ ਸਿਆਸੀ ਸੰਕਟ ਦਰਮਿਆਨ ਮੁੱਖ ਮੰਤਰੀ ਕਮਲ ਨਾਥ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਕੈਬਨਿਟ ਵਿਸਥਾਰ ਤੇ ਰਾਜ ਸਭਾ ਚੋਣਾਂ ਬਾਰੇ ਚਰਚਾ ਕੀਤੀ।

ਬੁਧਵਾਰ ਨੂੰ ਕਾਂਗਰਸ ਦੇ ਸੀਨੀਅਰ ਆਗੂ ਜਯੋਤੀਰਾਦਿਤਿਆ ਸਿੰਧੀਆ ਭਾਜਪਾ ਵਿੱਚ ਸ਼ਾਮਿਲ ਹੋ ਗਏ। ਉਹ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ। ਮੰਗਲਵਾਰ ਨੂੰ ਜਯੋਤੀਰਾਦਿਤਿਆ ਸਿੰਧੀਆ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ।

- Advertisement -

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਯੋਤੀਰਾਦਿਤਿਆ ਸਿੰਧੀਆ ਨੂੰ ਭਾਜਪਾ ਵਿੱਚ ਕੀ ਹਾਸਲ ਹੋਵੇਗਾ। ਮੁੱਖ ਮੰਤਰੀ ਤਾਂ ਉਹ ਭਾਜਪਾ ਵਿੱਚ ਸ਼ਾਮਿਲ ਹੋ ਕੇ ਵੀ ਨਹੀਂ ਬਣ ਸਕਣਗੇ। ਪਰ ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਸ਼ਇਦ ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਲਿਆ ਜਾਵੇ। ਸਿੰਧੀਆ ਦੇ ਪਰਿਵਾਰ ਲਈ ਭਾਜਪਾ ਕੋਈ ਨਵੀਂ ਚੀਜ਼ ਨਹੀਂ ਹੈ। ਸਿੰਧੀਆ ਦੀ ਦਾਦੀ ਮਾਂ ਵਿਜੇ ਰਾਜੇ ਸਿੰਧੀਆ ਭਾਜਪਾ ਦੇ ਸੰਸਥਾਪਕਾਂ ਵਿੱਚੋਂ ਰਹੀ ਹੈ, ਦੋ-ਦੋ ਭੂਆ ਵਸੁੰਧਰਾ ਰਾਜੇ ਸਿੰਧੀਆ ਤੇ ਯਸ਼ੋਧਰਾ ਰਾਜੇ ਸਿੰਧੀਆ ਅਜੇ ਵੀ ਭਾਜਪਾ ਵਿੱਚ ਹਨ।

ਜਯੋਤੀਰਾਦਿਤਿਆ ਸਿੰਧੀਆ ਦਾ ਕੇਂਦਰ ਵਿੱਚ ਜਾਣਾ ਵੀ ਕੋਈ ਅਲੋਕਾਰੀ ਨਹੀਂ ਕਿਓਂਕਿ ਕਰੀਬ 9 ਸਾਲ ਉਹ ਮਨਮੋਹਨ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਪਰ ਨਜ਼ਰ ਤਾਂ ਉਸ ਦੀ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਹੈ, ਜਿਸ ਤੱਕ ਉਨ੍ਹਾਂ ਦੇ ਪਿਤਾ ਮਾਧਵ ਰਾਓ ਸਿੰਧੀਆ ਵੀ ਨਹੀਂ ਪਹੁੰਚ ਸਕੇ ਸਨ।

Share this Article
Leave a comment