ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਅਧਿਕਾਰਤ ਕਸ਼ਮੀਰ ਵਿੱਚ ਜਵਾਬੀ ਕਾਰਵਾਈ ਕਰਦਿਆਂ 100 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਜਦੋਂ ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀ ਨਾਪਾਕ ਕੋਸ਼ਿਸ਼ ਕੀਤੀ, ਤਾਂ ਭਾਰਤ ਨੇ ਮੂੰਹਤੋੜ ਜਵਾਬ ਦਿੱਤਾ ਅਤੇ ਪਾਕਿਸਤਾਨ ਦੇ ਕਈ ਏਅਰਬੇਸ ਤਬਾਹ ਕਰ ਦਿੱਤੇ। ਹਾਲਾਂਕਿ, ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੋ ਗਈ ਹੈ, ਪਰ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਮਦਦਗਾਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਹੈ।
ਰਾਜ ਜਾਂਚ ਏਜੰਸੀ (SIA) ਨੇ ਸ਼ਨੀਵਾਰ ਨੂੰ ਮੱਧ ਅਤੇ ਉੱਤਰੀ ਕਸ਼ਮੀਰ ਵਿੱਚ 11 ਥਾਵਾਂ ’ਤੇ ਛਾਪੇਮਾਰੀ ਕੀਤੀ, ਜੋ ਸਲੀਪਰ ਸੈੱਲ ਮੋਡੀਊਲ ਨਾਲ ਜੁੜੀ ਜਾਂਚ ਦਾ ਹਿੱਸਾ ਸੀ। ਇਨ੍ਹਾਂ ਛਾਪਿਆਂ ਦਾ ਮਕਸਦ ਅੱਤਵਾਦੀਆਂ ਦੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਣਾ ਸੀ। ਐਸਆਈਏ ਮੁਤਾਬਕ, ਛਾਪੇਮਾਰੀ ਦੌਰਾਨ ਅਪੱਤੀਜਨਕ ਸਮੱਗਰੀ ਜ਼ਬਤ ਕੀਤੀ ਗਈ ਅਤੇ ਕਈ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਇਹ ਸ਼ੱਕੀ ਅੱਤਵਾਦੀ ਸਾਜਿਸ਼ਾਂ ਵਿੱਚ ਸਰਗਰਮ ਸਨ ਅਤੇ ਭਾਰਤ ਵਿਰੋਧੀ ਪ੍ਰਚਾਰ ਫੈਲਾ ਰਹੇ ਸਨ।
ਐਸਆਈਏ ਨੇ ਕਿਹਾ ਕਿ ਇਹ ਕਾਰਵਾਈ ਕਸ਼ਮੀਰ ਵਿੱਚ ਅੱਤਵਾਦ ਅਤੇ ਵੱਖਵਾਦੀ ਗਤੀਵਿਧੀਆਂ ਨੂੰ ਵਧਾਉਣ ਵਾਲਿਆਂ ਵਿਰੁੱਧ ਹੈ, ਤਾਂ ਜੋ ਅਸੰਤੋਸ਼ ਅਤੇ ਸੰਪਰਦਾਇਕ ਨਫਰਤ ਨੂੰ ਰੋਕਿਆ ਜਾ ਸਕੇ। ਏਜੰਸੀ ਨੇ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਵਿਵਸਥਾ ਨੂੰ ਬਣਾਈ ਰੱਖਣ ਦੀ ਵਚਨਬੱਧਤਾ ਜਤਾਈ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ।
ਜਾਂਚ ਵਿੱਚ ਸਾਹਮਣੇ ਆਇਆ ਕਿ 18-22 ਸਾਲ ਦੀ ਉਮਰ ਦੇ ਕਈ ਨੌਜਵਾਨ ਔਨਲਾਈਨ ਕੱਟੜਪੰਥੀ ਵਿਚਾਰਾਂ ਤੋਂ ਪ੍ਰਭਾਵਿਤ ਸਨ। ਐਸਆਈਏ ਨੇ ਮਾਪਿਆਂ, ਅਧਿਆਪਕਾਂ ਅਤੇ ਸਮੁਦਾਇਕ ਮੈਂਬਰਾਂ ਨੂੰ ਨੌਜਵਾਨਾਂ ਦੀਆਂ ਔਨਲਾਈਨ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ। ਕਸ਼ਮੀਰ ਵਿੱਚ ਇਹ ਮੁਹਿੰਮ ਅੱਤਵਾਦੀਆਂ ਦੇ ਮਦਦਗਾਰਾਂ ਅਤੇ ਸਮਰਥਕਾਂ ਨੂੰ ਚਿੰਨ੍ਹਿਤ ਕਰਕੇ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਕਰਨ ਲਈ ਚੱਲ ਰਹੀ ਹੈ।