ਜਗਤਾਰ ਸਿੰਘ ਸਿੱਧੂ;
ਪੰਜਾਬ ਸਰਕਾਰ ਇਕ ਪਾਸੇ ਤਾਂ ਯੁੱਧ ਨਸ਼ਿਆਂ ਵਿਰੁੱਧ ਲੜਾਈ ਲੜ ਰਹੀ ਹੈ ਪਰ ਦੂਜੇ ਪਾਸੇ ਸ਼ਰਾਬ ਅਜਿਹਾ ਨਸ਼ਾ ਹੈ ਜਿਸ ਨੂੰ ਸਮਿਆਂ ਦੀਆਂ ਸਰਕਾਰਾਂ ਆਪੋ ਆਪਣੇ ਢੰਗ ਤਰੀਕੇ ਨਾਲ ਹਲਾਸ਼ੇਰੀ ਦਿੰਦੀਆਂ ਆਈਆਂ ਹਨ। ਇਕ ਰਿਪੋਰਟ ਇਸ ਤੱਥ ਦੀ ਪੁਸ਼ਟੀ ਕਰਦੀ ਹੈ ਕਿ ਪਿਛਲੇ 25 ਸਾਲਾਂ ਵਿੱਚ ਪੰਜਾਬੀ ਇੱਕ ਲੱਖ ਕਰੋੜ ਰੁਪਏ ਦੀ ਸ਼ਰਾਬ ਪੀ ਗਏ।
ਚੰਡੀਗੜ ਦੇ ਵੱਡੇ ਇਕ ਮੀਡੀਆ ਗਰੁੱਪ ਦੀ ਖਾਸ ਰਿਪੋਰਟ ਵਿਚ ਦਿੱਤੇ ਅੰਕੜੇ ਇਹ ਦਸਦੇ ਹਨ ਕਿ ਬੇਸ਼ੱਕ ਖਤਰਨਾਕ ਕਿਸਮ ਦੇ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਲਕੀਰ ਖਿੱਚ ਕੇ ਯੁਧ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਸ਼ਰਾਬ ਤੋਂ ਆਬਕਾਰੀ ਨੀਤੀ ਅਧੀਨ ਆਮਦਨ ਵਿੱਚ ਵਡੇ ਦਾਅਵਿਆਂ ਨੂੰ ਪ੍ਰਾਪਤੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ।ਅਜਿਹਾ ਨਹੀਂ ਹੈ ਕਿ ਕੇਵਲ ਸਰਕਾਰ ਹੀ ਦਾਅਵਾ ਕਰ ਰਹੀ ਹੈ ਸਗੋਂ ਆਬਕਾਰੀ ਨੀਤੀ ਅਧੀਨ ਜੇਕਰ ਆਮਦਨ ਘਟਦੀ ਹੈ ਤਾਂ ਵਿਰੋਧੀ ਧਿਰਾਂ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਦੀਆਂ ਹਨ। ਜੇਕਰ ਪਿਛਲੇ 25 ਸਾਲ ਦੇ ਪੰਜਾਬ ਦੇ ਰਾਜਸੀ ਸਫ਼ਰ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਸਮੇਂ ਵਿੱਚ ਕਾਂਗਰਸ ਸੱਤਾ ਵਿੱਚ ਰਹੀ ਅਤੇ ਅਕਾਲੀ ਦਲ ਭਾਜਪਾ ਗਠਜੋੜ ਦੀਆਂ ਸਰਕਾਰਾਂ ਵੀ ਰਹੀਆਂ। ਆਪ ਦੇ ਤਾਂ ਪਿਛਲੇ ਤਿੰਨ ਸਾਲ ਦਾ ਹੀ ਲੇਖਾ ਜੋਖਾ ਬਣਦਾ ਹੈ ਪਰ ਇਹ ਸਹੀ ਹੈ ਕਿ ਕਰੋੜਾਂ ਕਰੋੜਾਂ ਰੁਪਏ ਦੀ ਪੰਜਾਬੀ ਇਸ 25 ਸਾਲ ਦੇ ਸਮੇਂ ਵਿੱਚ ਸ਼ਰਾਬ ਚੌੜ ਚੌੜ ਵਿੱਚ ਹੀ ਪੀ ਗਏ। ਇਸ ਵਿੱਚ ਘਰ ਦੀ ਕੱਢੀ ਰੂੜੀ ਮਾਰਕਾ ਸ਼ਰਾਬ ਦੀ ਗਿਣਤੀ ਨਹੀਂ । ਨਾ ਹੀ ਉਨਾਂ ਮੌਤਾਂ ਦਾ ਜ਼ਿਕਰ ਹੈ ਜਿਹੜੇ ਘਰ ਦੀ ਕੱਢੀ ਸ਼ਰਾਬ ਪੀਣ ਕਾਰਨ ਸਦਾ ਦੀ ਨੀਂਦ ਸੌਂ ਗਏ ਅਤੇ ਪਰਿਵਾਰ ਉਜੜ ਗਏ। ਐਨਾ ਜਰੂਰ ਹੈ ਕਿ ਰਾਜਸੀ ਧਿਰਾਂ ਇਹੋ ਜਿਹੇ ਮੌਕਿਆਂ ਤੇ ਵੀ ਰਾਜਨੀਤੀ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ । ਮਰ ਗਿਆਂ ਦੇ ਘਰਾਂ ਵਿੱਚ ਮਕਾਣਾਂ ਆਉਂਦੀਆਂ ਹਨ ਅਤੇ ਰਾਜਸੀ ਨੇਤਾ ਪਹਿਲਾਂ ਪ੍ਰੈਸ ਕਾਨਫਰੰਸਾਂ ਕਰਦੇ ਹਨ ਅਤੇ ਫਿਰ ਫੋਨ ਕਰਕੇ ਮੀਡੀਆ ਦੇ ਮਿੱਤਰਾਂ ਨੂੰ ਆਖਦੇ ਹਨ ਕਿ ਖਬਰ ਜਾ ਰਹੀ ਹੈ ਨਾ?
ਰਿਪੋਰਟ ਅਨੁਸਾਰ ਜੇਕਰ 22-25 ਦੇ ਸਾਲਾਂ ਦੀ ਹੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਵਿੱਚ ਹੀ ਤਕਰੀਬਨ 26 ਕਰੋੜ ਰੁਪਏ ਦੀ ਸ਼ਰਾਬ ਪੰਜਾਬੀ ਪੀ ਗਏ ਹਨ। ਇਹ ਸਾਰੇ ਜਾਣਦੇ ਹਨ ਕਿ ਸ਼ਰਾਬ ਪੀਣ ਨਾਲ ਪੰਜਾਬ ਵਿੱਚ ਕਿੰਨੇ ਘਰ ਬਰਬਾਦ ਹੋ ਗਏ ਹਨ।ਇਹ ਵੱਖਰੀ ਗੱਲ ਹੈ ਕਿ ਡਰਗ ਅਤੇ ਚਿੱਟੇ ਨੇ ਤਾਂ ਪੰਜਾਬ ਨੂੰ ਚੱਟਕੇ ਰੱਖ ਦਿੱਤਾ ।ਇਹ ਹੋਰ ਵੀ ਵੱਖਰੀ ਗੱਲ ਹੈ ਕਿ ਚਿੱਟੇ ਨੇ ਤਾਂ ਪੰਜਾਬ ਨੂੰ ਚੱਟ ਲਿਆ ਪਰ ਆਪਣੇ ਸੋੜੇ ਕੁਰਸੀ ਯੁੱਧ ਨੂੰ ਜਿੱਤਣ ਲਈ ਰਾਜਸੀ ਨੇਤਾ ਪੰਜਾਬ ਨੂੰ ਚੱਟਣਾਂ ਕਦੋਂ ਬੰਦ ਕਰਨਗੇ? ਇਸ ਲਈ ਕਿਸ ਮਹੀਨੇ ਦੀ ਆਖ਼ਰੀ ਤਰੀਕ ਤੈਅ ਹੋਵੇਗੀ?
ਸੰਪਰਕ 9814002186