ਅਮਰੀਕਾ ‘ਚ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀਆਂ ਲਈ ਵੱਡੀ ਰਾਹਤ ਦੀ ਖ਼ਬਰ

Global Team
2 Min Read

ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਪੜ੍ਹ ਰਹੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਦੇ SEVIS ਰਿਕਾਰਡ (ਸਟੂਡੈਂਟ ਵੀਜ਼ਾ ਰਜਿਸਟ੍ਰੇਸ਼ਨ) ਨੂੰ ਮੁੜ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਪੋਲਿਟੀਕੋ ਦੀ ਰਿਪੋਰਟ ਮੁਤਾਬਕ, ਇਹ ਕਦਮ ਉਹਨਾਂ ਵਿਦਿਆਰਥੀਆਂ ਲਈ ਲਾਗੂ ਹੋਵੇਗਾ ਜਿਨ੍ਹਾਂ ਵੱਲੋਂ ਸਿਰਫ਼ ਛੋਟੇ ਜਾਂ ਅਕਸਰ ਅਣਦੇਖੇ ਕੀਤੇ ਜਾਣ ਵਾਲੇ ਕਾਨੂੰਨੀ ਉਲੰਘਣ ਕੀਤੇ ਗਏ ਸਨ।

ਇਹ  ਕਦਮ ਸੰਘੀ ਅਦਾਲਤ ਵਿੱਚ ਕਈ ਹਫ਼ਤਿਆਂ ਦੀ ਜਾਂਚ ਅਤੇ ਜੱਜ ਵੱਲੋਂ ਲਾਏ ਗਏ ਰੋਕ ਆਦੇਸ਼ਾਂ ਤੋਂ ਬਾਅਦ ਆਇਆ ਹੈ। ਨਿਆਂ ਵਿਭਾਗ ਨੇ ਅਦਾਲਤ ਅਤੇ ਵਿਦਿਆਰਥੀਆਂ ਦੇ ਵਕੀਲਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੀ ਪੁਰਾਣੀ ਨੀਤੀ ਤੋਂ ਪਿਛੇ ਹਟ  ਰਿਹਾ ਹੈ। ਰਿਪੋਰਟ ਅਨੁਸਾਰ, ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਜੱਜ ICE ਅਧਿਕਾਰੀਆਂ ਨੂੰ ਤਲਬ ਕਰਕੇ ਪ੍ਰਸ਼ਾਸਨਕ ਕਾਰਵਾਈਆਂ ਦੀ ਜਾਂਚ ਕਰਨ ਵਾਲੇ ਸਨ।

ਨਿਆਂ ਵਿਭਾਗ ਨੇ ਕਿਹਾ ਕਿ ਉਹਨਾਂ ਵਿਦਿਆਰਥੀਆਂ ਦੇ SEVIS ਰਿਕਾਰਡ ਬਹਾਲ ਕੀਤੇ ਜਾ ਰਹੇ ਹਨ ਜਿਨ੍ਹਾਂ ਨੇ ਪ੍ਰਸ਼ਾਸਨ ਦੇ ਕਦਮਾਂ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਇਨ੍ਹਾਂ ਨੇ ਇਹ ਵੀ ਦੱਸਿਆ ਕਿ “ICE ਹੁਣ ਇੱਕ ਨਵੀਂ ਨੀਤੀ ਤਿਆਰ ਕਰ ਰਿਹਾ ਹੈ ਜੋ SEVIS ਰਿਕਾਰਡ ਰੱਦ ਕਰਨ ਲਈ ਸਪੱਸ਼ਟ ਰੂਪ-ਰੇਖਾ ਦੇਵੇਗੀ।”

ਮਾਮਲਿਆਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ICE ਉਹਨਾਂ ਵਿਦਿਆਰਥੀਆਂ ਦੇ ਰਿਕਾਰਡ ਰੱਦ ਕਰ ਰਿਹਾ ਸੀ ਜਿਨ੍ਹਾਂ ਦਾ ਅਪਰਾਧਿਕ ਇਤਿਹਾਸ ਰਿਹਾ ਹੋਵੇ, ਹਾਲਾਂਕਿ ਕਈ ਵਿਦਿਆਰਥੀਆਂ ‘ਤੇ ਕਦੇ ਵੀ ਕੋਈ ਦੋਸ਼ ਸਾਬਤ ਨਹੀਂ ਹੋਏ ਜਾਂ ਦੋਸ਼ ਬਾਅਦ ਵਿੱਚ ਰੱਦ ਕਰ ਦਿੱਤੇ ਗਏ।

ਸਾਲ ਦੀ ਸ਼ੁਰੂਆਤ ਵਿੱਚ, ਤਤਕਾਲੀਨ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਫਿਲੀਸਤਿਨ ਪੱਖੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਆਰੋਪਾਂ ‘ਚ ਦਰਜਨਾਂ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰ ਦਿੱਤੇ ਸਨ। ਇਸ ਤੋਂ ਬਾਅਦ, ਇੱਕ ਹੋਰ ਵੱਡੀ ਮੁਹਿੰਮ ਵਿੱਚ ਉਹ ਵਿਦਿਆਰਥੀ ਵੀ ਨਿਸ਼ਾਨੇ ‘ਤੇ ਆ ਗਏ ਜਿਨ੍ਹਾਂ ਵੱਲੋਂ ਮਾਮੂਲੀ ਕਾਨੂੰਨੀ ਉਲੰਘਣ ਕੀਤੀ ਗਈ ਸੀ ਅਤੇ ਜਿਨ੍ਹਾਂ ਦੇ ਪ੍ਰੋਫਾਈਲ SEVIS ਡੈਟਾਬੇਸ ਤੋਂ ਹਟਾ ਦਿੱਤੇ ਗਏ ਸਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment