ਜਗਤਾਰ ਸਿੰਘ ਸਿੱਧੂ;
ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਸਤਾਈਂ ਸੈਲਾਨੀਆਂ ਦੀ ਹੱਤਿਆ ਦੇ ਦਰਿੰਦਗੀ ਭਰੇ ਕਾਰੇ ਬਾਅਦ ਜਿੱਥੇ ਦੇਸ਼ ਭਰ ਵਿੱਚ ਪਾਕਿਸਤਾਨ ਵਿਰੁੱਧ ਗੁੱਸੇ ਦੀ ਲਹਿਰ ਖੜ੍ਹੀ ਹੈ ਗਈ ਹੈ ਉੱਥੇ ਭਾਰਤ ਸਰਕਾਰ ਨੇ ਪਾਕਿਸਤਾਨ ਵਿਰੁੱਧ ਕਈ ਸਖ਼ਤ ਫੈਸਲੇ ਲਏ ਹਨ। ਪਾਕਿਸਤਾਨ ਵਲੋਂ ਲਗਾਤਾਰ ਵੱਖ ਵੱਖ ਢੰਗਾਂ ਨਾਲ ਭਾਰਤ ਨੂੰ ਜਖਮ ਦਿੱਤੇ ਜਾ ਰਹੇ ਹਨ, ਉਸ ਵਿਰੁੱਧ ਲੋਕਾਂ ਅੰਦਰ ਪਾਕਿਸਤਾਨ ਉੱਪਰ ਕਾਰਵਾਈ ਕਰਨ ਦੀ ਮੰਗ ਜੋਰ ਫੜ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੀਤੀ ਸ਼ਾਮ ਉਚ ਪੱਧਰੀ ਮੀਟਿੰਗ ਵਿੱਚ ਲਏ ਅਹਿਮ ਫੈਸਲੇ ਇਸ ਗੱਲ ਦਾ ਸੰਕੇਤ ਹਨ ਕਿ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਦਾ ਸਖ਼ਤੀ ਨਾਲ ਜੁਆਬ ਦਿੱਤਾ ਜਾਵੇਗਾ। ਕੇਂਦਰ ਸਰਕਾਰ ਨੇ ਪਾਕਿਸਤਾਨ ਨਾਲ ਕੂਟਨੀਤਕ ਸਬੰਧ ਵਿਚ ਕਟੌਤੀ ਕਰਦਿਆਂ ਅਟਾਰੀ ਬਾਰਡਰ ਬੰਦ ਕਰ ਦਿੱਤਾ ਹੈ ।ਸਿੰਧ ਜਲ ਸੰਧੀ ਤੇ ਰੋਕ ਲਗਾ ਦਿੱਤੀ ਹੈ। ਅਟਾਰੀ ਦੀ ਸਾਂਝੀ ਚੈੱਕ ਪੋਸਟ ਫੌਰੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ।ਹੁਣ ਪਾਕਿਸਤਾਨੀ ਨਾਗਰਿਕਾਂ ਨੂੰ ਸਾਰਕ ਵੀਜ਼ਾ ਛੋਟ ਅਧੀਨ ਭਾਰਤ ਆਉਣ ਦੀ ਆਗਿਆ ਨਹੀਂ ਮਿਲੇਗੀ ।ਪਾਕਿਸਤਾਨੀ ਨਾਗਰਿਕਾਂ ਨੂੰ ਜੋ ਪਹਿਲਾਂ ਵੀਜ਼ਾ ਮਿਲਿਆ ਹੋਇਆ ਹੈ, ਉਹ ਸਾਰੇ ਰੱਦ ਹੋ ਗਏ ਹਨ। ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਲਈ ਸਾਰਾ 48 ਘੰਟੇ ਦਾ ਸਮਾਂ ਦਿੱਤਾ ਗਿਆ ਹੈ ।ਇਸ ਫੈਸਲੇ ਮੁਤਾਬਕ ਪਾਕਿਸਤਾਨੀ ਨਾਗਰਿਕ ਅੱਜ ਵਾਪਸ ਜਾਣੇ ਸ਼ੁਰੂ ਹੋ ਗਏ ਹਨ। ਕਈ ਨਾਗਰਿਕ ਆਪਣੇ ਰਿਸ਼ਤੇਦਾਰਾਂ ਕੋਲ ਆਏ ਹੋਏ ਸਨ ਅਤੇ ਉੱਨਾਂ ਨੂੰ ਫੌਰੀ ਵਾਪਸ ਜਾਣਾ ਪੈ ਰਿਹਾ ਹੈ। ਪਹਿਲਗਾਮ ਵਿੱਚ ਸੈਲਾਨੀਆਂ ਉਤੇ ਹਮਲੇ ਬਾਦ ਕਸ਼ਮੀਰ ਦੇ ਸੈਰ ਸਪਾਟਾ ਪ੍ਰੋਗਰਾਮ ਨੂੰ ਵੱਡਾ ਝਟਕਾ ਲੱਗਾ ਹੈ। ਕਸ਼ਮੀਰ ਵਿਚ ਗਏ ਸੈਲਾਨੀਆਂ ਨੂੰ ਵਾਪਸ ਭੇਜਣ ਲਈ ਸ੍ਰੀ ਨਗਰ ਲਈ ਵਧੇਰੇ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ । ਦੂਜੇ ਪਾਸੇ ਪੰਜਾਬ ਤੋਂ ਕਸ਼ਮੀਰ ਨੂੰ ਜਾਣ ਵਾਲੀਆਂ ਸੈਂਕੜੇ ਗੱਡੀਆਂ ਦੀ ਬੁਕਿੰਗ ਰੱਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਹਜ਼ਾਰਾਂ ਰੇਲਵੇ ਟਿਕਟਾਂ ਰੱਦ ਹੋ ਗਈਆਂ ਹਨ । ਕਸ਼ਮੀਰ ਦੇ ਮੂੱਖ ਮੰਤਰੀ ਉਮਰ ਅਬਦੁਲਾ ਦਾ ਕਹਿਣਾ ਹੈ ਕਿ ਸੈਲਾਨੀਆਂ ਦੀ ਵਾਪਸੀ ਨਾਲ ਦਿਲ ਟੁੱਟਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪਹਿਲਗਾਮ ਦੇ ਹਮਲਾਵਰ ਅਤੇ ਸਾਜਿਸ਼ ਰਚਣ ਵਾਲਿਆਂ ਨੂੰ ਭਾਰਤ ਮਿੱਟੀ ਵਿੱਚ ਮਿਲਾਕੇ ਸਬਕ ਸਿਖਾਏਗਾ।
ਅੱਜ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਪਾਕਿਸਤਾਨ ਵਿਰੁੱਧ ਰੋਸ ਪ੍ਰਦਰਸ਼ਨ ਹੋਏ ਅਤੇ ਬੰਦ ਵੀ ਰਹੇ । ਇਸੇ ਦੌਰਾਨ ਕਾਂਗਰਸ ਨੇ ਜਿੱਥੇ ਅਤਿਵਾਦ ਵਿਰੁੱਧ ਸਰਕਾਰ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ ਉੱਥੇ ਹੀ ਪਹਿਲਗਾਮ ਵਿੱਚ ਸੁਰੱਖਿਆ ਏਜੰਸੀਆਂ ਦੀ ਭੂਮਿਕਾ ਬਾਰੇ ਸਵਾਲ ਵੀ ਉਠਾਏ ਹਨ।
ਸੰਪਰਕ 9814002186