ਪੰਜਾਬ ਸਥਾਨਕ ਸਰਕਾਰਾਂ ਦੀਆਂ ਚੋਣਾਂ ਉਪਰ ਕਿਵੇਂ ਪਿਆ ਕਿਸਾਨ ਅੰਦੋਲਨ ਦਾ ਪਰਛਾਵਾਂ ?

TeamGlobalPunjab
4 Min Read

-ਅਵਤਾਰ ਸਿੰਘ

ਪੰਜਾਬ ਵਿੱਚ ਪਿਛਲੇ ਦਿਨੀਂ ਹੋਈਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜੇ ਅੱਜ ਆ ਗਏ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਪਰ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਲਈ ਇਹ ਚੋਣਾਂ ਪਰਖ ਦੀ ਘੜੀ ਸੀ। ਸਾਰੀਆਂ ਰਾਜਸੀ ਧਿਰਾਂ ਦੇ ਸਾਹ ਸੂਤੇ ਪਏ ਸਨ ਕਿ ਕਿਸ ਦਾ ਨੰਬਰ ਕਿਥੇ ਕੁ ਆਉਂਦਾ ਹੈ। ਐਤਕੀਂ ਇਨ੍ਹਾਂ ਚੋਣਾਂ ਵਿੱਚ ਕਈ ਥਾਈਂ ਝਗੜੇ ਵੀ ਹੋਏ। ਵਿਰੋਧੀ ਧਿਰਾਂ ਦਾ ਇਸ ਗੱਲ ‘ਤੇ ਵੀ ਪੂਰਾ ਜ਼ੋਰ ਸੀ ਕਿ ਸੱਤਾਧਾਰੀ ਕਾਂਗਰਸ ਦੇ ਨੰਬਰ ਘਟਾਏ ਜਾਣ। ਵਿਰੋਧੀਆਂ ਵੱਲੋਂ ਇਹੀ ਦੋਸ਼ ਲਗਦਾ ਰਿਹਾ ਕਿ ਸੱਤਾ ਧਿਰ ਨੇ ਆਪਣੀ ਤਾਕਤ ਦਾ ਗਲਤ ਇਸਤੇਮਾਲ ਕੀਤਾ। ਪਰ ਇਹ ਪਹਿਲੀ ਵਾਰ ਨਹੀਂ ਹੋਇਆ ਕਿਓਂਕਿ ਆਮ ਦੇਖਿਆ ਜਾਂਦਾ ਕਿ ਹਰ ਸੱਤਾ ਧਿਰ ਧੱਕਾ ਕਰਦੀ ਹੈ।

ਵਿਰੋਧੀਆਂ ਮੁਤਾਬਿਕ ਐਤਕੀਂ ਵੀ ਹੋਇਆ ਹੋਵੇਗਾ। ਇਸ ਵਾਰ ਇਨ੍ਹਾਂ ਚੋਣਾਂ ਉਪਰ ਸਿੱਧਾ ਅਸਰ ਕਿਸਾਨ ਅੰਦੋਲਨ ਦਾ ਵੀ ਪਿਆ ਹੈ। ਸੂਬੇ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਇਸ ਤਰ੍ਹਾਂ ਪੰਜਾਬ ਦੇ 8 ਨਗਰ ਨਿਗਮਾਂ, 117 ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹਾਸਿਲ ਹੋਈ ਹੈ।

ਕਾਂਗਰਸ ਪਾਰਟੀ ਨੇ 117 ਨਗਰ ਕੌਂਸਲਾਂ ਵਿੱਚੋਂ 106 ‘ਤੇ ਜਿੱਤ ਦਰਜ ਕਰਕੇ 7 ਨਗਰ ਨਿਗਮਾਂ ‘ਤੇ ਵੀ ਕਬਜ਼ਾ ਕਰ ਲਿਆ ਹੈ। ਸ਼੍ਰੋਮਣੀ ਅਕਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਵਿੱਚ ਵੀ ਕਾਂਗਰਸ ਨੇ 11 ਸੀਟਾਂ ਜਿੱਤ ਲਈਆਂ ਹਨ। ਅਕਾਲੀ ਦਲ ਨੂੰ ਸਿਰਫ ਪੰਜ ਸੀਟਾਂ ਉਪਰ ਹੀ ਜਿੱਤ ਮਿਲੀ ਹੈ।

- Advertisement -

ਪੰਜਾਬ ਵਿੱਚ ਨਗਰ ਨਿਗਮ ਦੇ ਚੋਣ ਨਤੀਜਿਆਂ ਬਾਰੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਚੰਗੇ ਪ੍ਰਦਰਸ਼ਨ ਉਮੀਦ ਸੀ। ਸਰਕਾਰ ਦੇ ਹੱਥ ਵਿੱਚ ਬਹੁਤ ਕੁਝ ਹੁੰਦਾ ਜੋ ਉਹ ਨਿਗਮਾਂ ਨੂੰ ਦੇ ਸਕਦੀ ਹੈ। ਨਤੀਜਾ ਇੱਕਪਾਸੜ ਰਿਹਾ ਹੈ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਜਿੰਨਾ ਵਧੀਆ ਪ੍ਰਦਰਸ਼ਨ ਕਰਨਾ ਚਾਹੀਦਾ ਸੀ, ਉਹ ਨਹੀਂ ਕਰ ਸਕੀਆਂ।

ਅਕਾਲੀ ਦਲ ਲਈ ਸੋਚਣ ਵਾਲੀ ਗੱਲ ਹੈ। ਸ਼ਹਿਰੀਆਂ ਨੇ ਉਨ੍ਹਾਂ ਦਾ ਓਨਾ ਸਾਥ ਨਹੀਂ ਦਿੱਤਾ। ਭਾਰਤੀ ਜਨਤਾ ਪਾਰਟੀ ਮੂਹਰੇ ਬਹੁਤ ਔਕੜਾਂ ਸਨ। ਕਿਸਾਨ ਅੰਦੋਲਨ ਕਾਰਨ ਲੋਕਾਂ ਵਿੱਚ ਗੁੱਸਾ ਸੀ। ਲੋਕਾਂ ਨੇ ਭਾਜਪਾ ਦੇ ਵਰਕਰਾਂ ਨੂੰ ਸਹੀ ਪ੍ਰਚਾਰ ਨਹੀਂ ਕਰਨ ਦਿੱਤਾ। ਪੰਜਾਬ ਦੀਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਅਸਰ ਸਾਰੇ ਉੱਤਰੀ ਭਾਰਤ ਵਿੱਚ ਪੈਂਦਾ ਹੈ। ਬੇਸ਼ੱਕ ਅਕਾਲੀ ਦਲ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਵੱਖ ਹੋ ਗਿਆ ਹੈ ਪਰ ਲੋਕਾਂ ਨੇ ਹਾਲੇ ਇਸ ਨੂੰ ਸਵੀਕਾਰ ਨਹੀਂ ਕੀਤਾ।

ਅਕਾਲੀ ਦਲ ਨੇ ਕੇਂਦਰ ਵਿੱਚ ਹੁੰਦੇ ਹੋਏ ਪਹਿਲਾਂ ਖੇਤੀ ਬਿੱਲ ਸੰਸਦ ਵਿੱਚ ਪਾਸ ਹੋਣ ਦਿੱਤੇ। ਪਰ ਬਾਅਦ ਵਿੱਚ ਜਦੋਂ ਲੱਗਿਆ ਕਿ ਬਹੁਤ ਜ਼ਿਆਦਾ ਕਿਸਾਨਾਂ ਦਾ ਵਿਰੋਧ ਹੈ ਤਾਂ ਫਿਰ ਉਨ੍ਹਾਂ ਨੇ ਭਾਜਪਾ ਦਾ ਸਾਥ ਛੱਡ ਦਿੱਤਾ। ਇਸ ਕਰਕੇ ਸੂਬੇ ਲੋਕ ਅਕਾਲੀ ਦਲ ਨੂੰ ਸਵੀਕਾਰਨ ਲਈ ਤਿਆਰ ਨਹੀਂ। ਇਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਬਹੁਤ ਮੇਹਨਤ ਕਰਨੀ ਪਵੇਗੀ।

ਉਧਰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਸ ਜਿੱਤ ਦਾ ਸਿਹਰਾ ਸੂਬੇ ਦੇ ਲੋਕਾਂ ਸਿਰ ਬੱਝਦਾ ਹੈ। ਇਹ ਜਿੱਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਾਰਨ ਸੰਭਵ ਹੋਈ ਹੈ। ਪੰਜਾਬ ਦੇ ਲੋਕਾਂ ਨੇ ਨਕਾਰਾਤਮਕਤਾ ਨੂੰ ਨਕਾਰਿਆ, ਵਿਕਾਸ ਅਤੇ ਸਥਾਨਕ ਮੁੱਦਿਆਂ ‘ਤੇ ਕਾਂਗਰਸ ਨੂੰ ਜਿੱਤ ਦਿਵਾਈ ਹੈ।

ਇਨ੍ਹਾਂ ਚੋਣ ਨਤੀਜਿਆਂ ਦੇ ਸੰਦਰਭ ਵਿੱਚ ਕੇਂਦਰ ਵਿਚ ਭਾਜਪਾ ਦੀ ਅਗਵਾਈ ਦੀ ਸਰਕਾਰ ਨੂੰ ਇਹੀ ਨਸੀਹਤ ਮਿਲਦੀ ਹੈ ਕਿ ਉਹ ਕਿਸਾਨ ਦੇ ਅੰਦੋਲਨ ਨੂੰ ਸ਼ਾਂਤ ਕਰਨ ਕਰਨ ਲਈ ਉਨ੍ਹਾਂ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।

- Advertisement -
Share this Article
Leave a comment