ਜਗਤਾਰ ਸਿੰਘ ਸਿੱਧੂ;
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ ਹਰਜਿੰਦਰ ਸਿੰਘ ਧਾਮੀ ਲਈ ਨਵੇਂ ਸਿਰੇ ਤੋਂ ਪ੍ਰਧਾਨਗੀ ਸੰਭਾਲਣ ਬਾਅਦ ਵੱਡੀ ਚੁਣੌਤੀ ਸਿੰਘ ਸਾਹਿਬਾਨ ਦੀਆਂ ਨਵੀਆਂ ਨਿਯੁਕਤੀਆਂ ਅਤੇ ਬਰਖਾਸਤੀਆਂ ਦਾ ਮਾਮਲਾ ਬਣਿਆ ਹੋਇਆ ਹੈ। ਬੇਸ਼ੱਕ ਅੱਜ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ਜਨਰਲ ਇਜਲਾਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਏਜੰਡਾ ਤਾਂ ਬਜਟ ਸੀ ਪਰ ਜਥੇਦਾਰ ਸਾਹਿਬਾਨ ਦੇ ਮੁੱਦੇ ਉੱਤੇ ਮਾਮਲਾ ਗਰਮਾਇਆ ਰਿਹਾ। ਦਮਦਮੀ ਟਕਸਾਲ ਦੇ ਆਗੂ ਹਰਨਾਮ ਸਿੰਘ ਖਾਲਸਾ ਦੇ ਸੱਦੇ ਉੱਤੇ ਜਨਰਲ ਇਜਲਾਸ ਦੇ ਬਾਹਰ ਗੇਟ ਉੱਤੇ ਸਿੱਖ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਉਪਰ ਸ਼ਾਂਤਮਈ ਰਹਿਕੇ ਗੁਰਬਾਣੀ ਦਾ ਜਾਪ ਕਰਦਿਆਂ ਧਰਨਾ ਦਿਤਾ ਗਿਆ। ਪੰਥਕ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਅਕਾਲ ਤਖ਼ਤ ਸਾਹਿਬ , ਤਖ਼ਤ ਕੇਸਗੜ੍ਹ ਸਾਹਿਬ ਅਤੇ ਤਖ਼ਤ ਦਮਦਮਾ ਸਾਹਿਬ ਦੇ ਹਟਾਏ ਗਏ ਜਥੇਦਾਰ ਸਾਹਿਬਾਨ ਨੂੰ ਬਹਾਲ ਕੀਤਾ ਜਾਵੇ ਅਤੇ ਨਵੀਂ ਨਿਯੁਕਤੀ ਰੱਦ ਕੀਤੀ ਜਾਵੇ। ਅਸਲ ਵਿੱਚ ਪਿਛਲੇ ਸਾਲ ਦੋ ਦਸੰਬਰ ਤੋਂ ਟਕਰਾਅ ਰੁਕਣ ਦਾ ਨਾਂਅ ਨਹੀ ਲੈ ਰਿਹਾ। ਉਸ ਵੇਲੇ ਅਕਾਲੀ ਲੀਡਰਸ਼ਿਪ ਨੂੰ ਵੱਖ ਵੱਖ-ਵੱਖ ਮੁੱਦਿਆਂ ਉਪਰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਨੇ ਤਨਖਾਹ ਲਾਈ ਸੀ। ਉਸ ਫੈਸਲੇ ਨੂੰ ਤਾਂ ਸਿਰ ਝੁਕਾ ਕੇ ਮੰਨ ਲਿਆ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣੀ ਸੱਤ ਮੈਂਬਰੀ ਕਮੇਟੀ ਨੂੰ ਅਕਾਲੀ ਲੀਡਰਸ਼ਿਪ ਨੇ ਪ੍ਰਵਾਨ ਨਾ ਕੀਤਾ। ਇਸੇ ਦੌਰਾਨ ਫੈਸਲਾ ਸੁਣਾਉਣ ਵਾਲੇ ਅਕਾਲ ਤਖ਼ਤ ਸਾਹਿਬ, ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਤਿੰਨਾਂ ਦੇ ਸਿੰਘ ਸਾਹਿਬਾਨ ਨੂੰ ਇਕ ਜਾਂ ਦੂਜੇ ਕਾਰਨ ਕਰਕੇ ਪਾਸੇ ਕਰ ਦਿੱਤਾ ਗਿਆ।
ਅੱਜ ਦਮਦਮੀ ਟਕਸਾਲ ਅਤੇ ਦੂਜੀਆਂ ਧਾਰਮਿਕ ਜਥੇਬੰਦੀਆਂ ਦੇ ਧਰਨੇ ਵਿੱਚ ਆਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਵੱਲੋਂ ਮੰਗ ਪੱਤਰ ਲਿਆ ਗਿਆ। ਧਾਮੀ ਪਹਿਲਾਂ ਵੀ ਐਲਾਨ ਕਰ ਚੁੱਕੇ ਹਨ ਕਿ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆਂ ਨੂੰ ਲੈ ਕੇ ਵਿਧੀ ਵਿਧਾਨ ਬਨਾਉਣ ਲਈ ਧਾਰਮਿਕ ਜਥੇਬੰਦੀਆਂ ਨਾਲ ਰਾਇ ਕਰਕੇ ਕਮੇਟੀ ਬਣੇਗੀ ।ਉਸ ਬਾਰੇ ਅਜੇ ਸਹਿਮਤੀ ਹੋਣੀ ਬਾਕੀ ਹੈ।
ਜਿਥੋਂ ਤੱਕ ਬਜਟ ਦਾ ਸਵਾਲ ਹੈ, ਪਿਛਲੇ ਸਾਲ ਨਾਲੋਂ ਬਜਟ ਵੱਧ ਹੈ। ਤਕਰੀਬਨ ਤੇਰਾ ਅਰਬ ਕਰੋੜ ਰੁਪਏ ਦਾ ਬਜਟ ਹੈ। ਸਿੱਖੀ ਪ੍ਰਚਾਰ ਲਈ ਦਸ ਕਰੋੜ ਰੁਪਏ ਦੀ ਬਜਟ ਵਿਚ ਵਿਵਸਥਾ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਨੇ ਹਿਮਾਚਲ ਅਤੇ ਕਈ ਹੋਰ ਸੂਬਿਆਂ ਵਿੱਚ ਸਿੱਖਾਂ ਉਪਰ ਹੋਏ ਹਮਲਿਆਂ ਦੀ ਨਿਖੇਧੀ ਕੀਤੀ ਹੈ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਨੂੰ ਕਿਹਾ ਗਿਆ ਹੈ ਕਿ ਘੱਟ ਗਿਣਤੀਆਂ ਉੱਪਰ ਹਮਲੇ ਰੋਕਣ ਲਈ ਸੰਬੰਧਤ ਰਾਜਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ।
ਸੰਪਰਕ 9814002186