ਨਿਊਜ਼ ਡੈੇਸਕ: ਸਰਬੀਆ ਦੀ ਸੰਸਦ ‘ਚ ਉਸ ਵੇਲੇ ਤਣਾਅ ਦਾ ਮਹੌਲ ਬਣ ਗਿਆ ਜਦੋਂ ਸਦਨ ਵਿੱਚ ਹਮਲਾ ਹੋਇਆ। ਖ਼ਬਰਾਂ ਮੁਤਾਬਕ, ਬੰਬ ਅਤੇ ਫਲੈਅਰ ਸੁੱਟੇ ਜਾਣ ਕਾਰਨ ਤਿੰਨ ਸੰਸਦ ਮੈਂਬਰ ਜ਼ਖਮੀ ਹੋ ਗਏ ਹਨ। ਸਦਨ ਵਿੱਚ ਧੂੰਆਂ ਦੇਖਣ ਦੀ ਵੀ ਜਾਣਕਾਰੀ ਮਿਲੀ ਹੈ। ਮੰਗਲਵਾਰ ਨੂੰ ਹੋਈ ਇਹ ਘਟਨਾ ਇਸ ਬਾਲਕਨ ਦੇਸ਼ ਵਿੱਚ ਵਧ ਰਹੇ ਰਾਜਨੀਤਕ ਸੰਕਟ ਦਾ ਸਬੂਤ ਹੈ। ਮਹੀਨਿਆਂ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਵਿਰੋਧੀ ਪ੍ਰਦਰਸ਼ਨਾਂ ਕਾਰਨ ਸਰਕਾਰ ਦਬਾਅ ‘ਚ ਹੈ।
ਮੰਗਲਵਾਰ ਨੂੰ ਸਰਬੀਆ ਦੀ ਸੰਸਦ ‘ਚ ਵਿਦਿਆਰਥੀਆਂ ਦੀ ਯੂਨੀਵਰਸਿਟੀ ਸਿੱਖਿਆ ਲਈ ਵੰਡੇ ਜਾਣ ਵਾਲੇ ਫੰਡ ਵਧਾਉਣ ਬਾਰੇ ਕਾਨੂੰਨ ‘ਤੇ ਵੋਟਿੰਗ ਹੋਣੀ ਸੀ। ਹਾਲਾਂਕਿ, ਵਿਰੋਧੀ ਧਿਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇਜਲਾਸ ਗੈਰਕਾਨੂੰਨੀ ਹੈ। ਵਿਰੋਧੀ ਦਲ ਦੀ ਮੰਗ ਹੈ ਕਿ ਕਿਸੇ ਵੀ ਕਾਨੂੰਨੀ ਕੰਮਕਾਜ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਿਲੋਸ਼ ਵੁਸੇਵਿਕ ਦੇ ਅਸਤੀਫ਼ੇ ਦੀ ਪੁਸ਼ਟੀ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵੁਸੇਵਿਕ ਦੇ ਅਸਤੀਫ਼ੇ ਦੀ ਤਸਦੀਕ ਹੋਣ ਤੋਂ ਬਾਅਦ ਹੀ ਮੌਜੂਦਾ ਸਰਕਾਰ ਨੂੰ ਹਟਾਉਣਾ ਚਾਹੀਦਾ ਹੈ।
ਯਾਦ ਰਹੇ ਕਿ ਦਬਾਅ ਕਾਰਨ ਪ੍ਰਧਾਨ ਮੰਤਰੀ ਵੁਸੇਵਿਕ ਨੇ ਜਨਵਰੀ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ, ਸਰਬੀਆ ਦੇ ਕਾਨੂੰਨਾਂ ਮੁਤਾਬਕ, ਅਸਤੀਫ਼ੇ ਨੂੰ ਸੰਸਦ ‘ਚ ਪ੍ਰਮਾਣਿਤ ਕਰਨਾ ਲਾਜ਼ਮੀ ਹੈ, ਤਾਂ ਹੀ ਇਹ ਲਾਗੂ ਹੋਵੇਗਾ।
ਸਰਬੀਆ ਵਿੱਚ ਮਹੀਨਿਆਂ ਤੋਂ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਚੱਲ ਰਹੇ ਹਨ। ਵਧਦੇ ਵਿਰੋਧ ਨੇ ਸਰਕਾਰ ਦੀ ਨੀਹ ਹਿਲਾ ਦਿੱਤੀ ਹੈ। ਦੱਸਣਯੋਗ ਹੈ ਕਿ ਨਵੰਬਰ ਵਿੱਚ ਉੱਤਰੀ ਸਰਬੀਆ ‘ਚ ਇੱਕ ਕੰਕਰੀਟ ਦੀ ਛੱਤ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਸੀ। ਆਲੋਚਕਾਂ ਨੇ ਇਸ ਲਈ ਵਿਅਾਪਕ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਘਟਨਾ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।