ਨਿਊਜ਼ ਡੈਸਕ: ਮਾਪਿਆਂ ਦੀ ਗੁਹਾਰ ਵੀ ਇੱਕ ਧੀ ਨੂੰ ਬਚਾ ਨਹੀਂ ਸਕੀ। ਸੰਯੁਕਤ ਅਰਬ ਅਮੀਰਾਤ (UAE) ਦੀ ਜੇਲ੍ਹ ਵਿੱਚ ਕੈਦ ਸ਼ਹਿਜ਼ਾਦੀ ਖਾਨ ਨੂੰ ਫਾਂਸੀ ਦੀ ਸਜ਼ਾ ਮਿਲ ਚੁੱਕੀ ਹੈ। ਪਿਛਲੇ ਹਫ਼ਤੇ, ਉਸਦੇ ਮਾਪਿਆਂ ਨੇ ਦਿੱਲੀ ਹਾਈਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਆਪਣੀ ਧੀ ਦੀ ਹਾਲਤ ਬਾਰੇ ਜਾਣਕਾਰੀ ਅਤੇ ਉਸ ਨੂੰ ਬਚਾਉਣ ਦੀ ਅਪੀਲ ਕੀਤੀ ਸੀ। ਪਰ ਵਿਦੇਸ਼ ਮੰਤਰਾਲੇ ਨੇ ਜਵਾਬ ਦਿੰਦਿਆਂ ਦੱਸਿਆ ਕਿ ਸ਼ਹਿਜ਼ਾਦੀ ਨੂੰ 15 ਫਰਵਰੀ ਨੂੰ ਹੀ ਫਾਂਸੀ ਦੇ ਦਿੱਤੀ ਗਈ ਸੀ, ਅਤੇ 5 ਮਾਰਚ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ 33 ਸਾਲਾ ਸ਼ਹਿਜ਼ਾਦੀ ਅਬੂ ਧਾਬੀ ਦੀ ਅਲ-ਵਥਬਾ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਨੂੰ ਆਪਣੇ ਮਾਲਕ ਦੇ ਨਵਜਾਤ ਬੱਚੇ ਦੇ ਕਤਲ ਦੇ ਦੋਸ਼ ‘ਚ ਮੌਤ ਦੀ ਸਜ਼ਾ ਸੁਣਾਈ ਗਈ। ਪਿਤਾ ਸ਼ਬੀਰ ਖਾਨ ਨੇ ਦਿੱਲੀ ਹਾਈਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਵਿਦੇਸ਼ ਮੰਤਰਾਲੇ ਤੋਂ ਕਾਨੂੰਨੀ ਦਖਲ ਦੀ ਮੰਗ ਕੀਤੀ ਸੀ, ਪਰ ਉਹ ਗੁਹਾਰ ਵਿਅਰਥ ਰਹੀ।
ਕੀ ਸੀ ਮਾਮਲਾ?
ਸ਼ਹਿਜ਼ਾਦੀ ਦਸੰਬਰ 2021 ਵਿੱਚ UAE ਗਈ ਸੀ, ਜਿੱਥੇ ਅਗਸਤ 2022 ਵਿੱਚ ਇੱਕ ਪਰਿਵਾਰ ਦੇ ਘਰ ‘ਚ ਨਵਜਾਤ ਦੀ ਦੇਖਭਾਲ ਦੀ ਨੌਕਰੀ ਕਰ ਰਹੀ ਸੀ। 7 ਦਸੰਬਰ 2022 ਨੂੰ ਬੱਚੇ ਨੂੰ ਟੀਕਾ ਲਗਾਇਆ ਗਿਆ, ਪਰ ਉਸੇ ਦਿਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ, ਪਰ 2 ਮਹੀਨੇ ਬਾਅਦ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਸ਼ਹਿਜ਼ਾਦੀ ਨੂੰ ਕਤਲ ਕਬੂਲ ਕਰਦੇ ਹੋਏ ਦਿਖਾਇਆ ਗਿਆ।
ਪਰਿਵਾਰ ਦਾ ਦਾਅਵਾ – ਦਬਾਅ ‘ਚ ਲਿਆ ਗਿਆ ਕਬੂਲਨਾਮਾ
ਸ਼ਹਿਜ਼ਾਦੀ ਦੇ ਪਿਤਾ ਦਾ ਦਾਅਵਾ ਹੈ ਕਿ ਉਸਦੀ ਧੀ ਨੇ ਦਬਾਅ ਹੇਠ ਜੁਰਮ ਕਬੂਲ ਕੀਤਾ। 10 ਫਰਵਰੀ 2023 ਨੂੰ ਸ਼ਹਿਜ਼ਾਦੀ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ 31 ਜੁਲਾਈ 2023 ਨੂੰ ਮੌਤ ਦੀ ਸਜ਼ਾ ਸੁਣਾਈ ਗਈ।
PM ਅਤੇ ਰਾਸ਼ਟਰਪਤੀ ਨੂੰ ਵੀ ਕੀਤੀ ਸੀ ਅਪੀਲ
ਸ਼ਬੀਰ ਖਾਨ ਨੇ ਪਿਛਲੇ ਸਾਲ ਸਤੰਬਰ 2023 ਵਿੱਚ PM ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਈਮੇਲ ਰਾਹੀਂ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਬਚਾਈ ਜਾਵੇ। 17 ਫਰਵਰੀ ਨੂੰ ਕਈ ਰਿਪੋਰਟਾਂ ‘ਚ ਦੱਸਿਆ ਗਿਆ ਕਿ ਸ਼ਹਿਜ਼ਾਦੀ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਫਾਂਸੀ ਦਿੱਤੀ ਜਾ ਸਕਦੀ ਹੈ, ਪਰ ਇਹ ਖ਼ਬਰ ਬਾਅਦ ਵਿੱਚ ਗਲਤ ਸਾਬਤ ਹੋਈ।