ਜਗਤਾਰ ਸਿੰਘ ਸਿੱਧੂ;
ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਅੱਜ ਰੇਖਾ ਗੁਪਤਾ ਨੇ ਸਹੁੰ ਚੁੱਕ ਲਈ ਹੈ। ਇਸ ਤਰਾਂ ਰੇਖਾ ਦਿੱਲੀ ਦੇ ਚੌਥੇ ਮਹਿਲਾ ਮੁੱਖ ਮੰਤਰੀ ਵਜੋਂ ਦੇਸ਼ ਦੀ ਰਾਜਧਾਨੀ ਦੇ ਵਸਨੀਕਾਂ ਦੇ ਸੁਪਨੇ ਕਰਨਗੇ ਸਾਕਾਰ। ਪਹਿਲੇ ਮਹਿਲਾ ਮੁੱਖ ਮੰਤਰੀ ਕਾਂਗਰਸ ਸ਼ੀਲਾ ਦੀਕਸ਼ਤ ਸਨ। ਤਕਰੀਬਨ ਸਤਾਈ ਸਾਲ ਪਹਿਲਾਂ ਭਾਜਪਾ ਦੇ ਕੁਝ ਮਹੀਨੇ ਲਈ ਮਹਿਲਾ ਮੁੱਖ ਮੰਤਰੀ ਸੁਸ਼ਮਾ ਸਵਰਾਜ ਬਣੇ ਸਨ। ਆਪ ਸਰਕਾਰ ਵਿੱਚ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਹਟੇ ਤਾਂ ਆਤਿਸ਼ੀ ਤੀਜੇ ਮਹਿਲਾ ਮੁੱਖ ਮੰਤਰੀ ਬਣੇ। ਹੁਣ ਦਿੱਲੀ ਵਿੱਚ 48 ਵਿਧਾਨ ਸਭਾ ਦੀਆਂ ਸੀਟਾਂ ਜਿੱਤਣ ਬਾਅਦ ਅੱਜ ਰੇਖਾ ਗੁਪਤਾ ਦੀ ਅਗਵਾਈ ਹੇਠ ਮਨਜਿੰਦਰ ਸਿੰਘ ਸਿਰਸਾ ਸਣੇ 6 ਕੈਬਨਿਟ ਮੰਤਰੀਆਂ ਨੇ ਅਹੁਦੇ ਦੀ ਸੰਹੁ ਚੁੱਕੀ ਹੈ।
27 ਸਾਲ ਬਾਅਦ ਜਦੋਂ ਭਾਜਪਾ ਦਿੱਲੀ ਸਰਕਾਰ ਵਿੱਚ ਵਾਪਸ ਪਰਤੀ ਹੈ ਤਾਂ ਮੰਤਰੀ ਮੰਡਲ ਦਾ ਸੰਹੁ ਚੁੱਕ ਸਮਾਗਮ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਵੱਡੀ ਪਧਰ ਤੇ ਕੀਤਾ ਗਿਆ। ਭਾਜਪਾ ਲਈ ਦਿੱਲੀ ਚੋਣਾਂ ਦੀ ਜਿੱਤ ਕਿੰਨੇ ਵੱਡੇ ਹੁਲਾਰੇ ਦਾ ਕਾਰਨ ਬਣੀ ਹੈ, ਇਸ ਦਾ ਅੰਦਾਜ਼ਾ ਸਮਾਗਮ ਦੇ ਉਤਸ਼ਾਹ ਅਤੇ ਮਾਹੌਲ ਤੋਂ ਲਾਇਆ ਜਾ ਸਕਦਾ ਹੈ। ਇਸ ਦੇਸ਼ ਅੰਦਰ ਸਦੀਆਂ ਤੋਂ ਇਕ ਕਹਾਉਤ ਤੁਰੀ ਆ ਰਹੀ ਹੈ ਕਿ ਜਿਸ ਦਾ ਦਿੱਲੀ ਤੇ ਰਾਜ ਹੈ ਤਾਂ ਸਮਝਿਆ ਜਾਂਦਾ ਹੈ ਕਿ ਪੂਰੇ ਭਾਰਤ ਤੇ ਰਾਜ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬੇਸ਼ੱਕ ਭਾਜਪਾ ਦਾ ਪੂਰੇ ਦੇਸ਼ ਉਪਰ ਰਾਜ ਸੀ ਪਰ ਦਿੱਲੀ ਉਪਰ ਨਹੀ ਸੀ ।ਹੁਣ ਦਿੱਲੀ ਉਪਰ ਵੀ ਭਾਜਪਾ ਦਾ ਰਾਜ ਸਥਾਪਤ ਹੋ ਗਿਆ ਹੈ ਤਾਂ ਪੂਰੇ ਮੁਲਕ ਵਿੱਚ ਰਾਜ ਦਾ ਰਵਾਇਤੀ ਸੁਨੇਹਾ ਚਲਾ ਗਿਆ ਹੈ ।ਦਿੱਲੀ ਦੇ ਜਸ਼ਨ ਦਾ ਹੀ ਸੁਨੇਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ , ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਤੋ ਇਲਾਵਾ ਭਾਜਪਾ ਗਠਜੋੜ ਦੇ ਕਈ ਸੂਬਿਆਂ ਦੇ ਮੁੱਖ ਮੰਤਰੀ ਅਤੇ ਸਹਿਯੋਗੀ ਦਲਾਂ ਦੇ ਆਗੂ ਮੌਜੂਦ ਸਨ।
ਨਵੇਂ ਮੰਤਰੀ ਮੰਡਲ ਵਿੱਚ ਮਨਜਿੰਦਰ ਸਿੰਘ ਸਿਰਸਾ ਨੂੰ ਸ਼ਾਮਲ ਕਰਕੇ ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਭਾਈਚਾਰੇ ਦੀ ਦਿੱਲੀ ਦੀ ਰਾਜਨੀਤੀ ਵਿੱਚ ਅਹਿਮੀਅਤ ਦਾ ਸੁਨੇਹਾ ਵੀ ਦਿੱਤਾ ਗਿਆ ਹੈ। ਸਿਰਸਾ ਲੰਮੇ ਸਮੇਂ ਤੋਂ ਸਿੱਖ ਰਾਜਨੀਤੀ ਦਾ ਇਕ ਵੱਡਾ ਚਿਹਰਾ ਹਨ । ਇਸ ਦਾ ਅੰਦਾਜ਼ਾ ਕੌਮੀ ਪੱਧਰ ਤੇ ਵੀ ਲਾਇਆ ਜਾ ਸਕਦਾ ਹੈ ਕਿਉਂ ਜੋ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ.ਇਕਬਾਲ ਸਿੰਘ ਲਾਲਪੁਰਾ ਸਿੱਖਾਂ ਸਮੇਤ ਘੱਟ ਗਿਣਤੀਆਂ ਦੇ ਹਿੱਤਾਂ ਲਈ ਸਰਗਰਮ ਭੂਮਿਕਾ ਨਿਭਾ ਰਹੇ ਹਨ। ਉਨਾਂ ਨੇ ਦਿੱਲੀ ਦੇ 84 ਦੇ ਕਤਲੇਆਮ ਦੇ ਪੀੜਤਾਂ ਦੀ ਮਦਦ ਲਈ ਕਈ ਠੋਸ ਉਪਰਾਲੇ ਕੀਤੇ ਹਨ। ਇਸੇ ਲਈ ਇੰਨਾਂ ਚੋਣਾਂ ਵਿੱਚ ਸਿੱਖ ਭਾਈਚਾਰੇ ਨੇ ਭਾਜਪਾ ਦੀ ਸਰਗਰਮ ਹਮਾਇਤ ਕੀਤੀ ਹੈ । ਅੱਜ ਸਟੇਟ ਤੇ ਪ੍ਰਧਾਨ ਮੰਤਰੀ ਮੋਦੀ ਨਾਲ ਜਿਹੜੇ ਚੋਣਵੇਂ ਆਗੂ ਸਨ, ਉਨਾਂ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਸ਼ਾਮਲ ਸਨ।
ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾਕੇ ਦਿੱਲੀ ਦੀਆਂ ਔਰਤਾਂ ਸਮੇਤ ਦੇਸ਼ ਦੀਆਂ ਮਹਿਲਾਵਾਂ ਦੇ ਹੱਕ ਵਿੱਚ ਸੁਨੇਹਾ ਦੇਣ ਦਾ ਉਪਰਾਲਾ ਕੀਤਾ ਹੈ। ਮਹਿਲਾਵਾਂ ਨੂੰ ਆਰਥਿਕ ਲਾਭ ਦੇਕੇ ਭਵਿੱਖ ਲਈ ਵੀ ਵੱਡੀ ਧਿਰ ਨੂੰ ਵਾਅਦਾ ਪੂਰਾ ਕਰਨ ਦਾ ਸੁਨੇਹਾ ਦਿੱਤਾ ਹੈ।
ਦਿੱਲੀ ਵਿੱਚ ਰੇਖਾ ਗੁਪਤਾ ਦੀ ਅਗਵਾਈ ਹੇਠ ਬਣੀ ਭਾਜਪਾ ਸਰਕਾਰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਸਹਿਯੋਗੀਆਂ ਲਈ ਵੀ ਨਵੀਂ ਚੁਣੌਤੀ ਖੜ੍ਹੀ ਕਰਦੀ ਨਜ਼ਰ ਆ ਰਹੀ ਹੈ ਕਿਉਂ ਜੋ ਸਰਕਾਰ ਬਣਦੇ ਹੀ ਪਿਛਲੀ ਸਰਕਾਰ ਦੇ ਕੰਮਾਂ ਦੀ ਜਾਂਚ ਕਰਾਉਣ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਹਨ। ਇਹ ਦੇਖਣਾ ਹੋਵੇਗਾ ਕਿ ਦਿੱਲੀ ਦੇ ਲੋਕਾਂ ਨਾਲ ਕੀਤੇ ਵੱਡੇ ਦਾਅਵੇ ਕਿਵੇਂ ਪੂਰੇ ਹੁੰਦੇ ਹਨ।
ਸੰਪਰਕ 9814002186