ਸਿੰਘ ਸਾਹਿਬਾਨ ਹੁਣ ਕੀ ਲੈਣਗੇ ਫੈਸਲਾ !

Global Team
3 Min Read

ਜਗਤਾਰ ਸਿੰਘ ਸਿੱਧੂ;

ਅੱਜ ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣੀ ਸੱਤ ਮੈਂਬਰੀ ਕਮੇਟੀ ਵਿਚੋਂ 5 ਮੈਂਬਰਾਂ ਨੇ ਮੀਟਿੰਗ ਕਰਕੇ ਫ਼ੈਸਲਾ ਕੀਤਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਕੇ ਪਾਰਟੀ ਦੀ ਭਰਤੀ ਪ੍ਰਕਿਰਿਆ ਬਾਰੇ ਆਦੇਸ਼ ਮੰਗਿਆ ਜਾਵੇਗਾ। ਇਸ ਧਿਰ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਕਾਬਜ਼ ਧਿਰ ਨੇ ਭਰਤੀ ਕਰਨ ਲਈ ਸੱਤ ਮੈਂਬਰੀ ਕਮੇਟੀ ਨੂੰ ਸਹਿਯੋਗ ਨਹੀਂ ਦਿੱਤਾ ਹੈ। ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕਮੇਟੀ ਦੀ ਬੇਨਤੀ ਉੱਤੇ ਮੀਟਿੰਗ ਵਿੱਚ ਮੁੱਦਾ ਵਿਚਾਰਨ ਲਈ ਵੀ ਨਹੀਂ ਆਏ। ਇਸ ਲਈ ਸਿੰਘ ਸਾਹਿਬਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਕਮੇਟੀ ਅੱਗੇ ਕੰਮ ਕਰੇਗੀ। ਅੱਜ ਕਮੇਟੀ ਦੀ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਕ੍ਰਿਪਾਲ ਸਿੰਘ ਬੰਡੂਗਰ ਸ਼ਾਮਲ ਨਹੀਂ ਹੋਏ ਅਤੇ ਬਾਕੀ ਪੰਜ ਮੈਂਬਰਾਂ ਨੇ ਮੀਟਿੰਗ ਕਰਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਥਿਤੀ ਤੋਂ ਜਾਣੂੰ ਕਰਵਾਉਣ ਦਾ ਫੈਸਲਾ ਲਿਆ ਹੈ ।ਇਹ ਅਹਿਮ ਫ਼ੈਸਲਾ ਹੈ ਕਿਉਂ ਜੋ ਸੱਤ ਮੈਂਬਰੀ ਕਮੇਟੀ ਦੋ ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਦੇ ਐਲਾਨ ਅਨੁਸਾਰ ਹੀ ਬਣੀ ਸੀ।

ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਸੰਸਥਾਵਾਂ ਦੀ ਤਾਣੀ ਐਨੀ ਉਲਝ ਗਈ ਹੈ ਕਿ ਹਰ ਨਵਾਂ ਦਿਨ ਇਸ ਉਲਝਣ ਵਿੱਚ ਹੋਰ ਵਾਧਾ ਕਰ ਦਿੰਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਪੰਥਕ ਸੰਸਥਾਵਾਂ ਵਿੱਚ ਪੂਰੀ ਤਰਾਂ ਘਮਸਾਨ ਮੱਚ ਗਿਆ ਹੈ। ਅੱਜ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੱਤ ਮੈਂਬਰੀ ਕਮੇਟੀ ਨੇ ਮੀਟਿੰਗ ਪਟਿਆਲਾ ਵਿਖੇ ਰੱਖੀ ਸੀ। ਮੀਟਿੰਗ ਤੋਂ ਐਨ ਪਹਿਲਾਂ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬੰਡੂਗਰ ਨੇ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ। ਜਥੇਦਾਰ ਬੰਡੂਗਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਨਾਂ ਨੂੰ ਕਮੇਟੀ ਦੀ ਜਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ । ਉਨਾਂ ਦੀ ਦਲੀਲ ਹੈ ਕਿ ਪਿਛਲੀਆਂ ਦੋ ਮੀਟਿੰਗਾਂ ਵਿੱਚ ਕਮੇਟੀ ਕਿਸੇ ਠੋਸ ਫੈਸਲੇ ਤੇ ਨਹੀਂ ਪੁੱਜ ਸਕੀ ਅਤੇ ਹੁਣ ਕਮੇਟੀ ਦੇ ਕਨਵੀਨਰ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਇਸ ਕਾਰਨ ਕਮੇਟੀ ਦੀ ਹੋਂਦ ਪੂਰੀ ਤਰ੍ਹਾਂ ਗੈਰ ਯਕੀਨੀ ਹੋ ਗਈ ਹੈ । ਇਹ ਸਾਰੀ ਸਥਿਤੀ ਅਕਾਲ ਤਖਤ ਸਾਹਿਬ ਦੇ ਧਿਆਨ ਦੀ ਮੰਗ ਕਰਦੀ ਹੈ।

ਇਸ ਤੋਂ ਇਕ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਅਤੇ ਸੱਤ ਮੈਂਬਰੀ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪ੍ਰਧਾਨ ਧਾਮੀ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਸੱਤ ਮੈਂਬਰੀ ਕਮੇਟੀ ਦੀ ਜਿੰਮੇਵਾਰੀ ਤੋਂ ਮੁਕਤ ਕਰਨ ਲਈ ਪੱਤਰ ਲਿਖਿਆ ਹੈ। ਅਜਿਹੀ ਸਥਿਤੀ ਵਿੱਚ ਹੁਣ ਸਾਰਿਆਂ ਦੀਆਂ ਨਜ਼ਰਾਂ ਇਕ ਵਾਰ ਮੁੜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਟਿਕ ਗਈਆਂ ਹਨ। ਕੀ ਹੁਣ ਸੱਤ ਮੈਂਬਰੀ ਕਮੇਟੀ ਦੀ ਬਣਤਰ ਬਦਲੇਗੀ ਜਾਂ ਕਮੇਟੀ ਹੀ ਸਮਾਪਤ ਹੋ ਜਾਵੇਗੀ?

ਸੰਪਰਕ: 9814002186

Share This Article
Leave a Comment