ਨਿਊਜ਼ ਡੈਸਕ: ਅਮਰੀਕਾ ਦਾ ਇੱਕ ਹੋਰ ਜਹਾਜ਼ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਉੱਤੇ ਬੀਤੀ ਦੇਰ ਰਾਤ ਪਹੁੰਚਿਆ। ਇਸ ਜਹਾਜ਼ ਵਿੱਚ 119 ਭਾਰਤੀ ਸਵਾਰ ਸਨ। ਇਸ ਵਾਰ, ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਸਾਰੇ ਪੁਰਸ਼ਾਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਸਨ। ਸ਼ਨੀਵਾਰ ਰਾਤ 11.30 ਵਜੇ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਗਲੋਬਮਾਸਟਰ ਵਿੱਚ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰਿਆ ਗਿਆ।
ਇਸ ਦੌਰਾਨ ਅਮਰੀਕਾ ਤੋਂ ਆਏ ਲੋਕਾਂ ਦੀ ਪਰਿਵਾਰ ਦੇ ਨਾਲ ਮੁਲਾਕਾਤ ਵੀ ਕਰਵਾਈ ਗਈ। ਲਗਭਗ 5 ਘੰਟਿਆਂ ਦੀ ਤਸਦੀਕ ਤੋਂ ਬਾਅਦ, ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਘਰ ਛੱਡ ਦਿੱਤਾ ਗਿਆ। ਇਸ ਦੌਰਾਨ ਕਿਸੇ ਨੂੰ ਵੀ ਮੀਡੀਆ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ।
ਸ਼ਨੀਵਾਰ ਨੂੰ ਡਿਪੋਰਟ ਕਰਕੇ ਵਾਪਸ ਭੇਜੇ ਗਏ ਲੋਕਾਂ ਵਿੱਚ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2 ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ 1-1 ਵਿਅਕਤੀ ਸ਼ਾਮਲ ਹੈ। ਇਨ੍ਹਾਂ ਡਿਪਰੋਰਟ ਭਾਰਤੀਆਂ ‘ਚ ਪੰਜਾਬ ਸੂਬੇ ਦੇ ਲੋਕਾਂ ਵਿੱਚੋਂ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ 10, ਕਪੂਰਥਲਾ 10, ਪਟਿਆਲਾ 7, ਅੰਮ੍ਰਿਤਸਰ 6, ਜਲੰਧਰ 5, ਫਿਰੋਜ਼ਪੁਰ 4, ਤਰਨਤਾਰਨ 3, ਮੁਹਾਲੀ 3, ਸੰਗਰੂਰ 3, ਰੋਪੜ 1, ਲੁਧਿਆਣਾ 1, ਮੋਗਾ 1, ਫ਼ਰੀਦਕੋਟ 1 ਅਤੇ ਫਤਿਹਗੜ੍ਹ ਸਾਹਿਬ 1 ਨੌਜਵਾਨ ਸ਼ਾਮਲ ਹੈ। ਇੰਨ੍ਹਾਂ ‘ਚ ਜਿਆਦਾਤਰ 18 ਤੋਂ 30 ਸਾਲ ਦੇ ਲੋਕ ਸ਼ਾਮਲ ਸਨ।
ਇਸ ਦੌਰਾਨ ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੀ ਮੌਜੂਦ ਸਨ। ਮੰਤਰੀ ਕੁਲਦੀਪ ਧਾਲੀਵਾਲ ਨੇ ਡਿਪੋਰਟ ਕੀਤੇ ਭਾਰਤੀਆਂ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਉਹ ਕਿਨ੍ਹਾਂ ਹਾਲਾਤਾਂ ਵਿੱਚ ਅਮਰੀਕਾ ਗਏ ਹਨ। ਮੰਤਰੀ ਧਾਲੀਵਾਲ ਨੇ ਜਿਥੇ ਪੰਜਾਬ ਦੇ ਡਿਪੋਰਟ ਕੀਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਥੇ ਹੀ ਕਿਹਾ ਕਿ ਉਹ ਦੱਸਣ ਕਿ ਕਿਸ ਏਜੰਟ ਨੇ ਉਨ੍ਹਾਂ ਨੂੰ ਅਜਿਹੇ ਗਲਤ ਤਰੀਕੇ ਨਾਲ ਵਿਦੇਸ਼ ਭੇਜਿਆ ਹੈ, ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ 5 ਫਰਵਰੀ ਨੂੰ, 104 ਐਨਆਰਆਈਜ਼ ਨੂੰ ਜ਼ਬਰਦਸਤੀ ਵਾਪਸ ਭੇਜਿਆ ਗਿਆ ਸੀ। ਇਨ੍ਹਾਂ ਵਿੱਚ, ਬੱਚਿਆਂ ਨੂੰ ਛੱਡ ਕੇ, ਪੁਰਸ਼ਾਂ ਅਤੇ ਔਰਤਾਂ ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਬੰਨ੍ਹ ਕੇ ਲਿਆਂਦਾ ਗਿਆ ਸੀ। ਤੀਜਾ ਬੈੱਚ ਅੱਜ (16 ਫਰਵਰੀ) ਰਾਤ 10 ਵਜੇ ਪਹੁੰਚੇਗਾ। ਇਸ ਵਿੱਚ 157 ਐਨਆਰਆਈ ਹੋਣਗੇ।