ਜਗਤਾਰ ਸਿੰਘ ਸਿੱਧੂ;
ਅੱਜ ਸ਼ਾਮੀ ਚੰਡੀਗੜ੍ਹ ਵਿਚ ਕੇਂਦਰ ਅਤੇ ਕਿਸਾਨ ਆਗੂਆਂ ਵਿਚਕਾਰ ਹੋਈ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਹੈ ਅਤੇ ਅਗਲੀ ਮੀਟਿੰਗ ਚੰਡੀਗੜ੍ਹ ਵਿੱਚ 22 ਫਰਵਰੀ ਨੂੰ ਮੁੜ ਹੋਵੇਗੀ ਪਰ ਕਿਸਾਨ ਦਿੱਲੀ ਮੀਟਿੰਗ ਲਈ ਜੋਰ ਦਿੰਦੇ ਹਨ।ਉਸ ਮੀਟਿੰਗ ਵਿਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵ ਰਾਜ ਚੌਹਾਨ ਸ਼ਾਮਲ ਹੋਣਗੇ । ਪੰਜਾਬ ਸਰਕਾਰ ਨੇ ਮੀਟਿੰਗ ਵਿਚ ਕਿਸਾਨ ਮੰਗਾਂ ਦੀ ਡੱਟ ਕੇ ਹਮਾਇਤ ਕੀਤੀ ।ਸਾਰਿਆਂ ਨੇ ਚੰਗੇ ਮਹੌਲ ਦੀ ਗੱਲ ਕੀਤੀ ਪਰ ਕੋਈ ਠੋਸ ਸਹਿਮਤੀ ਦਾ ਜਿਕਰ ਨਹੀਂ ਹੋਇਆ ।ਤਕਰੀਬਨ ਤਿੰਨ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਆਪ ਚੰਗੇ ਮਹੌਲ ਵਿੱਚ ਮੀਟਿੰਗ ਹੋਣ ਦਾ ਐਲਾਨ ਕੀਤਾ। ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਕੇਂਦਰ ਵਲੋਂ ਡੱਲੇਵਾਲ ਨੂੰ ਮਰਨ ਵਰਤ ਛਡਣ ਦੀ ਅਪੀਲ ਵੀ ਠੁਕਰਾ ਦਿੱਤੀ। ਕਿਸਾਨ ਆਗੂਆਂ ਨੇ ਤੱਥਾਂ ਨਾਲ ਆਪਣਾ ਮੰਗਾਂ ਬਾਰੇ ਪਖ ਰਖਿਆ ਜਦੋਂ ਕਿ ਮੰਗਾਂ ਬਾਰੇ ਕਮੇਟੀ ਬਣਾਉਣ ਦੀ ਕੇਂਦਰ ਦੀ ਤਜਵੀਜ਼ ਨੂੰ ਵੀ ਰੱਦ ਕਰ ਦਿੱਤਾ। ਕਿਸਾਨਾਂ ਨੇ ਮੰਗਾਂ ਮੰਨਣ ਲਈ ਜੋਰ ਦਿੱਤਾ। ਕਿਸਾਨਾਂ ਨੇ ਮੀਟਿੰਗ ਵਿਚ ਆਪਣੀ ਲਿਆਂਦੀ ਚਾਹ ਅਤੇ ਆਪਣੀ ਰੋਟੀ ਖਾਧੀ।
ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਾ ਹੋਣ ਕਾਰਨ ਕੋਈ ਠੋਸ ਫੈਸਲਾ ਨਹੀਂ ਹੋਇਆ। ਕੇਂਦਰ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਸ਼ਾਮੀ ਪੰਜ ਵਜੇ ਤੋਂ ਕੁਝ ਮਿੰਟ ਪਛੜਕੇ ਚੰਡੀਗੜ੍ਹ ਵਿੱਚ ਸ਼ੁਰੂ ਹੋਈ ਸੀ ਪਰ ਮੀਟਿੰਗ ਮੌਕੇ ਵੱਡੀ ਹਲਚਲ ਵੇਖਣ ਨੂੰ ਮਿਲੀ ਸੀ ।ਮੀਟਿੰਗ ਵਿੱਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਅਗਵਾਈ ਹੇਠ ਕੇਂਦਰੀ ਅਧਿਕਾਰੀਆਂ ਦਾ ਵੱਡਾ ਦਲ ਪੁੱਜਾ ਹੋਇਆ ਸੀ ਜਿੰਨਾਂ ਵਿੱਚ ਕੇਂਦਰ ਦੇ ਵੱਡੇ ਸੀਨੀਅਰ ਅਧਿਕਾਰੀ ਪੁੱਜੇ ਹੋਏ ਸਨ।ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਮੰਤਰੀ ਕਟਾਰੂਚੱਕ ਮੀਟਿੰਗ ਦਾ ਹਿੱਸਾ ਬਣੇ। ਪੰਜਾਬ ਦੇ ਮੁੱਖ ਸਕੱਤਰ ਸਮੇਤ ਡੀ ਜੀ ਪੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੀਟਿੰਗ ਦਾ ਹਿੱਸਾ ਬਣੇ।
ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਅੰਦੋਲਨ ਚਲਾ ਰਹੇ ਦੋਹਾਂ ਫੋਰਮਾਂ ਦੇ 14 -14 ਕਿਸਾਨ ਆਗੂ ਮੀਟਿੰਗ ਵਿੱਚ ਅਗਵਾਈ ਕਰ ਰਹੇ ਸਨ। ਵੱਡੇ ਆਗੂਆਂ ਵਿਚ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ. ਅਭਿਮਨਯੂ ਕੋਹਾੜ , ਕਾਕਾ ਸਿੰਘ ਕੋਟੜਾ ਅਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸ਼ਾਮਲ ਹੋਏ। ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਐਂਬੂਲੈੰਸ ਰਾਹੀਂ ਮੁਸ਼ਕਿਲ ਸਥਿਤੀ ਦੇ ਬਾਵਜੂਦ ਮੀਟਿੰਗ ਵਿਚ ਪਹੁੰਚਾਇਆ ਗਿਆ। ਗੱਲਬਾਤ ਲਈ ਸ਼ਾਮਲ ਹੋਏ ਆਗੂਆਂ ਵਿਚ ਦੂਜੇ ਸੂਬਿਆਂ ਦੇ ਕਈ ਆਗੂ ਹਨ।ਇਸ ਤੋਂ ਪਹਿਲਾਂ ਬਾਰਾਂ ਅਤੇ ਤੇਰਾਂ ਫਰਵਰੀ ਨੂੰ ਕਿਸਾਨ ਮਹਾਪੰਚਾਇਤਾਂ ਕਰਕੇ ਜਬਰਦਸਤ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਨੂੰ ਚਲਦਿਆਂ ਤੇਰਾਂ ਫਰਵਰੀ ਨੂੰ ਇੱਕ ਸਾਲ ਮੁਕੰਮਲ ਹੋ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਫਰਵਰੀ ਵਿੱਚ ਹੀ ਕੇਂਦਰ ਦੇ ਮੰਤਰੀਆਂ ਅਤੇ ਨੇਤਾਵਾਂ ਵਿਚਕਾਰ ਚਾਰ ਗੇੜ ਦੀ ਗੱਲਬਾਤ ਚੰਡੀਗੜ੍ਹ ਹੋਈ ਸੀ ਪਰ ਗੱਲਬਾਤ ਕਿਸੇ ਸਿਰੇ ਨਾ ਲੱਗੀ ਅਤੇ ਹੁਣ ਸਾਲ ਬਾਅਦ ਚੰਡੀਗੜ੍ਹ ਵਿੱਚ ਹੀ ਪੰਜਵੇਂ ਗੇੜ ਦੀ ਗੱਲਬਾਤ ਹੋਈ ਹੈ। ਇਹ ਵੀ ਅਹਿਮ ਹੈ ਕਿ ਕਿਸਾਨ ਆਗੂ ਬੜੇ ਹਾਂਪਖੀ ਹੁੰਗਾਰੇ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਵਿੱਚ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇਣ ਸਮੇਤ ਕਈ ਅਹਿਮ ਮੰਗਾਂ ਕੇਂਦਰ ਬਿੰਦੂ ਸਨ। ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ, ਸਵਾਮੀ ਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨ, ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਐਕਟ ਤੋਂ ਬਾਹਰ ਰੱਖਣ , ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਅੰਦੋਲਨ ਦੌਰਾਨ ਬਣੇ ਕੇਸ ਵਾਪਸ ਲੈਣ ਵਰਗੇ ਮੁੱਦੇ ਵੀ ਕਿਸਾਨਾਂ ਦੇ ਮੰਗ ਲਿਸਟ ਵਿੱਚ ਸ਼ਾਮਲ ਹਨ।
ਸੰਪਰਕ 9814002187